ਲੁਧਿਆਣਾ: ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਹਾਈਕੋਰਟ ਦੇ ਵਿੱਚ ਮਾਮਲਾ ਵਿਚਾਰ ਅਧੀਨ ਹੈ, ਉੱਥੇ ਹੀ ਦੂਜੇ ਪਾਸੇ ਸਾਬਕਾ ਕੌਂਸਲਰ ਅਤੇ ਮੌਜੂਦਾ ਦਾਅਵੇਦਾਰ ਆਪੋ-ਆਪਣੇ ਵਾਰਡਾਂ ਦੇ ਵਿੱਚ ਚੋਣਾਂ ਦੀ ਤਿਆਰੀ ਕਰ ਰਹੇ ਹਨ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਜੇਲ੍ਹ ਵਿੱਚ ਹੋਣ ਕਰਕੇ ਇਸ ਵਾਰ ਲੁਧਿਆਣਾ ਨਗਰ ਨਿਗਮ ਚੋਣਾਂ ਦੀ ਕਮਾਨ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਂਭਣਗੇ।
ਨਗਰ ਨਿਗਮ ਚੋਣਾਂ 'ਚ ਮੀਟਿੰਗਾਂ ਦਾ ਸਿਲਸਿਲਾ
ਤਿੰਨ ਵਾਰ ਕੌਂਸਲਰ ਰਹਿ ਚੁੱਕੇ ਸਾਬਕਾ ਕੈਬਨਿਟ ਮੰਤਰੀ ਦੀ ਧਰਮ ਪਤਨੀ ਮਮਤਾ ਆਸ਼ੂ ਨੇ ਕਿਹਾ ਹੈ ਕਿ ਦੋ ਦਸੰਬਰ ਨੂੰ ਸਾਂਸਦ ਰਾਜਾ ਵੜਿੰਗ ਲੁਧਿਆਣਾ ਆ ਰਹੇ ਨੇ ਅਤੇ ਉਹ ਲੁਧਿਆਣਾ ਦੇ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨਗੇ ਅਤੇ ਨਗਰ ਨਿਗਮ ਚੋਣਾਂ ਦੀ ਕਮਾਨ ਉਹ ਸਾਂਭਣਗੇ।
ਚੋਣਾਂ ਐਲਾਨ ਹੁੰਦੇ ਹੀ ਕਾਂਗਰਸ ਸੂਚੀ ਕਰੇਗੀ ਜਾਰੀ
ਮਮਤਾ ਆਸ਼ੂ ਨੇ ਕਿਹਾ ਹੈ ਕਿ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਵੀ ਚੋਣਾਂ ਨੂੰ ਲੈ ਕੇ ਤਿਆਰੀਆਂ ਕਰ ਰਹੇ ਹਨ। ਚੋਣਾਂ ਦਾ ਐਲਾਨ ਹੁੰਦੇ ਹੀ ਕਾਂਗਰਸ ਆਪਣੀ ਪਹਿਲੀ ਸੂਚੀ ਜਲਦ ਜਾਰੀ ਕਰ ਦੇਵੇਗੀ। ਇਸ ਦਾ ਮਤਲਬ ਕਿ ਸੂਚੀ ਲੱਗਭਗ ਤਿਆਰ ਹੋ ਚੁੱਕੀ ਹੈ, ਉੱਥੇ ਹੀ ਕਾਂਗਰਸ ਦੇ ਸਾਬਕਾ ਕੌਂਸਲਰ ਜੋ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਹਨ ਇਸ ਮਾਮਲੇ ਉੱਤੇ ਉਨ੍ਹਾਂ ਕੋਈ ਤਿੱਖੀ ਟਿੱਪਣੀ ਨਹੀਂ ਕੀਤੀ ।
ਸ਼ਹਿਰ ਦੀ ਵਿਵਸਥਾ ਅਤੇ ਬੁੱਢੇ ਨਾਲੇ ਨੂੰ ਲੈਕੇ ਚੁੱਕੇ ਸਵਾਲ
ਸ਼ਹਿਰ ਦੇ ਹਾਲਾਤਾਂ ਨੂੰ ਲੈ ਕੇ ਵੀ ਮਮਤਾ ਆਸ਼ੂ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸ਼ਹਿਰ ਦੇ ਹਲਾਤ ਖਰਾਬ ਹਨ, ਕੂੜੇ ਦੇ ਢੇਰ ਲੱਗੇ ਹੋਏ ਹਨ। ਉਹਨਾਂ ਕਿਹਾ ਕਿ 'ਆਪ' ਵਿਧਾਇਕਾਂ ਨੇ ਆਪਣੇ ਘਰ ਮਸ਼ੀਨਰੀ ਰੱਖੀ ਹੋਈ ਹੈ। ਲੋਕ ਖੱਜਲ ਹੋ ਰਹੇ ਨੇ, ਜਿਸ ਦਾ ਵੱਡਾ ਕਾਰਨ ਨਿਗਮ ਚੋਣਾਂ ਨਾ ਹੋਣਾ ਹੈ। ਉਹਨਾਂ ਕਿਹਾ ਕਿ ਸਰਕਾਰ ਹੋਰ ਕਿੰਨੀ ਲੇਟ ਕਰੇਗੀ, ਹੁਣ ਹਾਈਕੋਰਟ ਇਸ 'ਤੇ ਜਲਦ ਹੀ ਫੈਸਲਾ ਲੈ ਰਹੀ ਹੈ। ਮਮਤਾ ਆਸ਼ੂ ਨੇ ਕਿਹਾ ਕਿ ਬੁੱਢੇ ਨਾਲੇ ਨੂੰ ਲੈ ਕੇ ਇੰਡਸਟਰੀ ਅਤੇ ਸਮਾਜ ਸੇਵੀਆਂ ਨੂੰ ਕੋਈ ਸਾਂਝਾ ਹੱਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸੇ ਦਾ ਵੀ ਕੰਮ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ, ਅਸੀਂ ਇਸ ਹੱਕ ਦੇ ਵਿੱਚ ਨਹੀਂ ਕੇ ਇੰਡਸਟਰੀ ਖਤਮ ਹੋ ਜਾਵੇ ਜਾਂ ਫਿਰ ਬੁੱਢਾ ਨਾਲਾ ਸਾਫ ਨਾ ਹੋਵੇ।
'ਆਪ' ਵਿਧਾਇਕ 'ਤੇ ਵੀ ਚੁੱਕੇ ਸਵਾਲ
ਉਹਨਾਂ ਕਿਹਾ ਕਿ ਸਾਡੀ ਸਰਕਾਰ ਵੇਲੇ 650 ਕਰੋੜ ਦਾ ਪ੍ਰੋਜੈਕਟ ਆਇਆ ਸੀ, ਜਿਸ ਦੇ ਤਹਿਤ ਕਈ ਕੰਮ ਹੋਣੇ ਸਨ ਪਰ ਇਹ ਕੰਮ ਕਿਉਂ ਨਹੀਂ ਹੋਏ ਅਤੇ ਕਿਉਂ ਸਹੀ ਢੰਗ ਨਾਲ ਪੈਸੇ ਨਹੀਂ ਲੱਗੇ, ਇਸ 'ਤੇ ਸਰਕਾਰ ਹੀ ਦੱਸ ਸਕਦੀ ਹੈ। ਉੱਥੇ ਹੀ ਅਫਸਰਸ਼ਾਹੀ 'ਤੇ ਗੱਲ ਸੁੱਟਣ ਨੂੰ ਲੈ ਕੇ ਵਿਧਾਇਕ ਗੁਰਪ੍ਰੀਤ ਗੋਗੀ 'ਤੇ ਉਹਨਾਂ ਸਵਾਲ ਖੜੇ ਕਰਦਿਆਂ ਕਿਹਾ ਕਿ ਜੇਕਰ ਅਫਸਰਾਂ ਨੂੰ ਕੰਮ ਕਿਹਾ ਜਾਵੇ ਤਾਂ ਉਹ ਕਦੇ ਇਨਕਾਰ ਨਹੀਂ ਕਰਦੇ। ਹੁਣ ਇਹ ਗੱਲ ਕਹਿ ਕੇ ਵਿਧਾਇਕ ਗੋਗੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ।