ਪਠਾਨਕੋਟ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਗੁਰਦਾਸਪੁਰ ਅਤੇ ਪਠਾਨਕੋਟ ਸਥਿਤ ਬੋਰਡ ਦੇ ਖੇਤਰੀ ਦਫ਼ਤਰਾਂ ਦਾ ਦੌਰਾ ਕਰ ਕੇ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਆਗਾਮੀ ਅਕਾਦਮਿਕ ਸਾਲ ਲਈ ਪਾਠ ਪੁਸਤਕਾਂ ਦੀ ਸਥਿਤੀ ਸਬੰਧੀ ਲੋੜੀਂਦੇ ਆਦੇਸ਼ ਦਿੱਤੇ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਬੋਰਡ ਦੇ ਗੁਰਦਾਸਪੁਰ ਸਥਿਤ ਦਫ਼ਤਰ ਵਿੱਚ ਅਗਲੇ ਅਕਾਦਮਿਕ ਸਾਲ ਲਈ ਵਿਕਰੀ ਵਾਲੇ ਕੁੱਲ 95 ਟਾਈਟਲਾਂ 'ਚੋਂ 54 ਟਾਈਟਲ ਪ੍ਰਾਪਤ ਹੋ ਚੁੱਕੇ ਹਨ ਤੇ ਬਾਕੀ ਰਹਿੰਦੇ 41 ਟਾਈਟਲ ਜਲਦ ਹੀ ਪੁੱਜ ਜਾਣਗੇ। ਇਸ ਦੇ ਨਾਲ ਹੀ ਖੇਤਰੀ ਦਫ਼ਤਰ ਪਠਾਨਕੋਟ ਵਿਖੇ ਕੁੱਲ 92 ਟਾਈਟਲ ਵਚੋਂ 47 ਟਾਈਟਲ ਪ੍ਰਾਪਤ ਹੋ ਚੁੱਕੇ ਹਨ ਅਤੇ ਬਕਾਇਆ ਟਾਈਟਲਾਂ ਦੀ ਸਪਲਾਈ ਕਾਰਜ ਅਧੀਨ ਹੈ।
ਉਨ੍ਹਾਂ ਕਿਹਾ ਕਿ ਮਾਰਚ ਦੇ ਦੂਜੇ ਅੱਧ ਵਿੱਚ ਪਾਠ ਪੁਸਤਕਾਂ ਖੇਤਰ ਵਿੱਚ ਤਹਿਸੀਲ ਪੱਧਰ 'ਤੇ ਵੰਡਣੀਆਂ ਆਰੰਭ ਕਰ ਦਿੱਤੀਆਂ ਜਾਣਗੀਆਂ ਅਤੇ ਇਸ ਮਕਸਦ ਲਈ ਖੇਤਰੀ ਦਫ਼ਤਰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਵੀ ਕੰਮ ਕਰਨਗੇ।