ਪਠਾਨਕੋਟ : ਹਲਕਾ ਭੋਆ ਦੇ ਸਰਹੱਦੀ ਖੇਤਰ ਦੇ ਪਿੰਡ ਸਿਉਂਟੀ 'ਚ ਪਿੰਡ ਵਾਸੀਆਂ ਨੇ ਕ੍ਰੈਸ਼ਰ ਇੰਡਸਟਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਕ੍ਰੈਸ਼ਰ ਇੰਡਸਟਰੀ ਦੇ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ।
ਆਪਣੀ ਸਮੱਸਿਆ ਦੱਸਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਕ੍ਰੈਸ਼ਰ ਨਾਲ ਭਰੀਆਂ ਓਵਰਲੋਡ ਗੱਡੀਆਂ ਉਨ੍ਹਾਂ ਦੇ ਪਿੰਡਾਂ ਤੋਂ ਹੋ ਕੇ ਲੰਘਦੀਆਂ ਹਨ। ਲੋਕਾਂ ਨੂੰ ਹਮੇਸ਼ਾ ਹੀ ਸੜਕ ਉੱਤੇ ਚੱਲਣ ਦੌਰਾਨ ਵੱਡੇ ਹਾਦਸੇ ਤੇ ਜਾਨ ਮਾਲ ਦਾ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧੀ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਓਵਰਲੋਡ ਗੱਡੀਆਂ ਨਾਲ ਸੜਕਾਂ ਟੁੱਟ ਜਾਂਦੀਆਂ ਹਨ ਅਤੇ ਇਸ ਤੋਂ ਇਲਾਵਾ ਧੂੜ- ਮਿੱਟੀ ਉਡਣ ਨਾਲ ਲੋਕਾਂ 'ਚ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕ੍ਰੈਸ਼ਰ ਤੇ ਭਾਰੀ ਟਰੱਕਾਂ ਦੇ ਪਿੰਡ ਚੋਂ ਲੰਘਣ ਦਾ ਨਿਸ਼ਚਤ ਸਮਾਂ ਤੈਅ ਕੀਤੇ ਜਾਣ ਅਤੇ ਦਿਨ ਦੇ ਸਮੇਂ ਪਿੰਡਾਂ ਨੇੜਲੇ ਇਲਾਕਿਆਂ ਚੋਂ ਲੰਘਣ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਬਿਜਲੀ ਦੀ ਸਪਲਾਈ ਆਦਿ ਹੋਰ ਮੰਗਾਂ ਵੀ ਰੱਖਿਆਂ।
ਇਸ ਬਾਰੇ ਮੌਜੂਦਾ ਕਾਂਗਰਸ ਪਾਰਟੀ ਹਲਕਾ ਭੋਆ ਦੇ ਚੇਅਰਮੈਨ ਰਾਜ ਕੁਮਾਰ ਦੇ ਨਾਲ ਗੱਲ ਕੀਤੀ ਗਈ। ਰਾਜ ਕੁਮਾਰ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਅਜੇ ਹੀ ਲਿਆਂਦਾ ਗਿਆ ਹੈ। ਉਹ ਜਲਦ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕ੍ਰੈਸ਼ਰ ਤੇ ਟਰੱਕਾਂ ਦੀ ਓਵਰ ਲੋਡਿੰਗ ਤੇ ਸਮਾਂ ਤੈਅ ਕਰਵਾਉਂਣਗੇ। ਉਨ੍ਹਾਂ ਜਲਦ ਹੀ ਲੋਕਾਂ ਦੀ ਸਮੱਸਿਆ ਹੱਲ ਕੀਤੇ ਜਾਣ ਦਾ ਭਰੋਸਾ ਦਿੱਤਾ।