ਪਠਾਨਕੋਟ: ਸ਼ਹਿਰ ਪਠਾਨਕੋਟ ਜੋ ਕਿ ਬਹੁਤ ਹੀ ਸੰਵੇਦਨਸ਼ੀਲ ਜ਼ਿਲ੍ਹਾ ਹੈ, ਜਿਸ ਦੇ ਇੱਕ ਪਾਸੇ ਭਾਰਤ ਪਾਕਿ ਸਰਹਦ ਲੱਗਦੀ ਹੈ ਅਤੇ ਦੂਜੇ ਪਾਸੇ ਜੰਮੂ ਅਤੇ ਹਿਮਾਚਲ ਦੀਆਂ ਸੀਮਾਵਾਂ ਲੱਗਦੀਆਂ ਹਨ। ਜਿਸਦੇ ਚੱਲਦੇ ਪੁਲਿਸ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ ਅਤੇ ਨਵੇਂ ਸਾਲ ਦੀ ਆਮਦ 'ਤੇ ਪੁਲਿਸ ਵੱਲੋਂ ਸੁਰੱਖਿਆ ਹੋਰ ਕਰੜੀ ਕਰ ਦਿੱਤੀ ਜਾਂਦੀ ਹੈ। ਇਸ ਦੇ ਤਹਿਤ ਹੁਣ ਨਵੇਂ ਸਾਲ ਦੀ ਆਮਦ 'ਤੇ ਜ਼ਿਲ੍ਹਾ ਪਠਾਨਕੋਟ ਵਿਖੇ ਸੁਰਖਿਆ ਵਿਵਸਥਾ ਕਰੜੀ ਕੀਤੀ ਗਈ ਹੈ।
ਟ੍ਰੇਨਾਂ ਦੀ ਕੀਤੀ ਜਾ ਰਹੀ ਚੈਕਿੰਗ: ਜਿੱਥੇ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ 'ਤੇ ਸਰਚ ਅਪਰੇਸ਼ਨ ਚਲਾਏ ਜਾ ਰਹੇ ਹਨ। ਉੱਥੇ ਹੀ ਕੈਂਟ ਰੇਲਵੇ ਸਟੇਸ਼ਨ 'ਤੇ ਵੀ ਰੇਲਵੇ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਪੁਲਿਸ ਵੱਲੋਂ ਹਰ ਇੱਕ ਗੱਡੀ ਜੰਮੂ ਤੋਂ ਜੋ ਆ ਰਹੀ ਹੈ, ਉਸ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇੰਨਾਂ ਹੀ ਨਹੀਂ ਸਟੇਸ਼ਨ 'ਤੇ ਬੈਠੀਆਂ ਸਵਾਰੀਆਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਸਟੇਸ਼ਨ ਦੇ ਬਾਹਰ ਲੱਗੀਆਂ ਗੱਡੀਆਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜ਼ਾਮ ਨਾ ਦੇ ਸਕੇ।
ਅਣਸੁਖਾਵੀ ਘਟਨਾ ਨੂੰ ਹੋਣ ਤੋਂ ਪਹਿਲਾਂ ਰੋਕਣਾ ਮਕਸਦ: ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਰੇਲਵੇ ਪੁਲਿਸ ਦੇ ਥਾਣਾ ਮੁਖੀ ਨੇ ਦੱਸਿਆ ਕਿ ਨਵੇਂ ਸਾਲ ਦੀ ਆਮਦ 'ਤੇ ਜਿਆਦਾਤਰ ਛੁੱਟੀਆਂ ਹੁੰਦੀਆਂ ਹਨ ਅਤੇ ਸਟੇਸ਼ਨ 'ਤੇ ਲੋਕਾਂ ਦਾ ਆਉਣਾ ਜਾਣਾ ਵੀ ਵੱਧ ਜਾਂਦਾ ਹੈ। ਜਿਸ ਨੂੰ ਮੁੱਖ ਰੱਖਦੇ ਹੋਏ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮਿਲ ਰਹੀਆਂ ਲਗਾਤਾਰ ਇਨਪੁੱਟਸ ਦੇ ਚੱਲਦੇ ਸੁਰੱਖਿਆ ਪ੍ਰਬੰਧ ਕਰੜੇ ਕਰ ਦਿੱਤੇ ਗਏ ਹਨ ਅਤੇ ਸਟੇਸ਼ਨ ਦੇ ਉੱਪਰ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜ਼ਾਮ ਨਾ ਦੇ ਸਕੇ।
2016 'ਚ ਹੋ ਚੁੱਕਿਆ ਅੱਤਵਾਦੀ ਹਮਲਾ: ਦੱਸ ਦਈਏ ਕਿ 2016 ਦੇ ਵਿੱਚ ਪਠਾਨਕੋਟ ਏਅਰਬੇਸ ਦੇ ਉੱਪਰ ਅੱਤਵਾਦੀ ਹਮਲਾ ਹੋ ਚੁੱਕਿਆ ਹੈ ਜੋ ਕਿ ਨਵੇਂ ਸਾਲ ਦੀ ਆਮਦ 'ਤੇ ਹੀ ਹੋਇਆ ਸੀ। ਜਿਸ ਨੂੰ ਲੈ ਕੇ ਪੁਲਿਸ ਹਰ ਸਾਲ ਸੁਰੱਖਿਆ ਪ੍ਰਬੰਧ ਕਰੜੇ ਕਰ ਦਿੰਦੀ ਹੈ। ਉਸੇ ਕੜੀ ਦੇ ਤਹਿਤ ਹੀ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਸਮੇਂ 'ਤੇ ਚੈਕਿੰਗ ਅਭਿਆਨ ਚਲਾਏ ਜ ਰਹੇ ਹਨ।