ਪਠਾਨਕੋਟ: ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਇਨਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿ ਦਵਾਈਆਂ ਹਸਪਤਾਲ ਵਿੱਚ ਮੌਜੂਦ ਵੀ ਸਨ ਪਰ ਫਿਰ ਵੀ ਮਰੀਜ਼ਾਂ ਨੂੰ ਬਾਹਰ ਤੋਂ ਦਵਾਈਆਂ ਲੈ ਕੇ ਆਉਣ ਲਈ ਕਿਹਾ ਗਿਆ।
ਇਸ ਬਾਰੇ ਜਦੋਂ ਵਿਧਾਇਕ ਅਮਿਤ ਵਿਜ ਨੂੰ ਪਤਾ ਲੱਗਾ ਤਾਂ ਉਨ੍ਹਾਂ ਮੌਕੇ ਤੇ ਪੁੱਜ ਕੇ ਮਰੀਜ਼ਾਂ ਦੀਆਂ ਦਵਾਈ ਵਾਲੀਆਂ ਪਰਚੀਆਂ ਲੈ ਕੇ ਅਧਿਕਾਰੀਆਂ ਨੂੰ ਜਦੋਂ ਪੁੱਛਿਆ ਕਿ ਇਹ ਦਵਾਈਆਂ ਸਿਵਲ ਹਸਪਤਾਲ 'ਚ ਮੌਜੂਦ ਹੈ ਅਤੇ ਮੁਫ਼ਤ 'ਚ ਮਰੀਜ਼ਾਂ ਲਈ ਮੁਹੱਈਆ ਕਰਾਈਆਂ ਗਈਆਂ ਹਨ ਤੇ ਬਾਹਰ ਤੋਂ ਦਵਾਈਆਂ ਮਹਿੰਗੇ ਭਾਅ ਖਰੀਦਣ ਲਈ ਕਿਉਂ ਅਤੇ ਕਿਸ ਦੇ ਕਹਿਣ 'ਤੇ ਕਿਹਾ ਜਾ ਰਿਹਾ ਹੈ।
ਅਜਿਹੀ ਸਥਿਤੀ ਵਿੱਚ ਵਿਧਾਇਕ ਦਾ ਅਧਿਕਾਰੀਆਂ ਨੂੰ ਫਟਕਾਰ ਲਗਾਉਣ ਵਾਲਾ ਅੰਦਾਜ਼ ਨਜ਼ਰ ਆਇਆ। ਵਿਧਾਇਕ ਅਧਿਕਾਰੀਆਂ ਨੂੰ ਫਟਕਾਰ ਲਾਉਂਦੇ ਹੋਏ ਇਹ ਕਹਿੰਦੇ ਨਜ਼ਰ ਆਏ ਕਿ ਦਵਾਖਾਨੇ 'ਚ ਜਿਸ ਅਧਿਕਾਰੀ ਨੇ ਬਾਹਰ ਤੋਂ ਦਵਾਈ ਮੰਗਵਾਉਣ ਲਈ ਕਿਹਾ ਹੈ ਉਸ ਕਰਮਚਾਰੀ ਨੂੰ ਹੁਣੇ ਸਸਪੈਂਡ ਕੀਤਾ ਜਾਵੇ। ਵਿਧਾਇਕ ਦਾ ਇਹ ਐਕਸ਼ਨ ਵੀਡੀਓ ਵਾਇਰਲ ਹੋ ਗਿਆ ਹੈ ਜੋ ਪਠਾਨਕੋਟ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਸ ਬਾਰੇ ਐੱਸਐੱਮਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਧਾਇਕ ਦੇ ਕਹਿਣ 'ਤੇ ਉਨ੍ਹਾਂ ਵੱਲੋਂ ਉਸ ਕਰਮਚਾਰੀ ਨੂੰ ਹਟਾ ਕੇ ਦੂਜੇ ਕਰਮਚਾਰੀ ਨੂੰ ਲਗਾ ਦਿੱਤਾ ਗਿਆ ਹੈ ਅਤੇ ਹੁਣ ਹਸਪਤਾਲ 'ਚ ਸਭ ਠੀਕ ਚੱਲ ਰਿਹਾ ਹੈ।