ਸਰਪੰਚੀਆਂ ਦੀਆਂ ਚੋਣਾਂ ਤੋਂ ਬਾਅਦ ਹੁਣ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣਾਂ 'ਤੇ ਸਭ ਦੀਆਂ ਨਜ਼ਰਾਂ ਹਨ।ਇਹਨਾਂ ਚੋਣਾਂ 'ਚ ਸਾਰੀ ਪਾਰਟੀਆਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਸੀਨੀਅਰ ਆਗੂਆਂ 'ਤੇ ਦਾਅ ਖੇਡਿਆ ਗਿਆ ਹੈ। ਹਾਲਾਂਕਿ ਭਾਜਪਾ ਵੱਲੋਂ ਜ਼ਿਆਦਾਤਰ ਉਮੀਦਵਾਰ ਕਾਂਗਰਸ ਜਾਂ ਫਿਰ ਅਕਾਲੀ ਦਲ ਤੋਂ ਆਏ ਹੋਏ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਵੀ ਕਾਂਗਰਸ ਅਤੇ ਅਕਾਲੀ ਦਲ ਦੇ ਸਾਬਕਾ ਉਮੀਦਵਾਰਾਂ ਨੂੰ ਚੋਣ ਮੈਦਾਨ ਚੋਂ ਉਤਾਰਿਆ ਗਿਆ ਹੈ। ਚਾਰ ਵਿਧਾਨ ਸਭਾ ਹਲਕਿਆਂ ਦੀ ਇਹ ਜ਼ਿਮਨੀ ਚੋਣਾਂ ਆਗਾਮੀ ਨਗਰ ਨਿਗਮ ਚੋਣਾਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸੈਮੀਫਾਈਨਲ ਦੇ ਰੂਪ 'ਚ ਵੇਖੀਆਂ ਜਾ ਰਹੀਆਂ ਹਨ।
ਗਿੱਦੜਬਾਹਾ ਸੀਟ
ਸਭ ਤੋਂ ਹੌਟ ਸੀਟ ਮੰਨੀ ਜਾਂਦੀ ਗਿੱਦੜਬਾਹਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਮ ਆਦਮੀ ਪਾਰਟੀ ਵੱਲੋਂ ਹਰਦੀਪ ਸਿੰਘ ਡਿੰਪੀ ਢਿੱਲੋ, ਭਾਜਪਾ ਵੱਲੋਂ ਮਨਪ੍ਰੀਤ ਬਾਦਲ, ਕਾਂਗਰਸ ਵੱਲੋਂ ਅੰਮ੍ਰਿਤਾ ਵੜਿੰਗ ਚੋਣ ਮੈਦਾਨ ਵਿੱਚ ਹਨ। ਡਿੰਪੀ ਢਿੱਲੋ ਹਾਲ ਹੀ 'ਚ ਅਕਾਲੀ ਦਲ ਛੱਡ ਕੇ 'ਆਪ' ਚ ਸ਼ਾਮਿਲ ਹੋਏ ਹਨ। ਉੱਥੇ ਹੀ ਅੰਮ੍ਰਿਤਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਰਾਜਾ ਵੜਿੰਗ ਦੀ ਧਰਮ ਪਤਨੀ ਹੈ। ਮਨਪ੍ਰੀਤ ਬਾਦਲ ਕਾਂਗਰਸ ਦੇ ਮੰਤਰੀ ਰਹਿ ਚੁੱਕੇ ਨੇ ਅਤੇ ਹੁਣ ਉਹ ਭਾਜਪਾ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸਰਗਰਮ ਹਨ। ਹਾਲਾਂਕਿ ਇਸ ਵਾਰ ਅਕਾਲੀ ਦਲ ਨੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਨਹੀਂ ਉਤਾਰਿਆ ਹੈ। ਜਦਕਿ ਆਜ਼ਾਦ ਤੌਰ 'ਤੇ ਸੁਖਰਾਜ ਸਿੰਘ ਵੀ ਬੇਅਦਬੀਆਂ ਦਾ ਇਨਸਾਫ਼ ਨਾ ਮਿਲਣ ਕਾਰਨ ਖੁਦ ਚੋਣ ਮੈਦਾਨ 'ਚ ਨਿੱਤਰੇ ਹਨ।
ਡੇਰਾ ਬਾਬਾ ਨਾਨਕ ਸੀਟ
ਉੱਥੇ ਹੀ ਜੇਕਰ ਗੱਲ ਡੇਰਾ ਬਾਬਾ ਨਾਨਕ ਦੀ ਕੀਤੀ ਜਾਵੇ ਤਾਂ ਕੁੱਲ 11 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ। ਡੇਰਾ ਬਾਬਾ ਨਾਨਕ ਤੋਂ ਕਾਂਗਰਸ ਵੱਲੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਨੇ ਆਪਣੀ ਧਰਮ ਪਤਨੀ ਜਤਿੰਦਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। 2022 ਦੇ ਵਿੱਚ ਸੁਖਜਿੰਦਰ ਰੰਧਾਵਾ ਨੇ ਇਹ ਸੀਟ ਆਪਣੇ ਨਾਂ ਮਹਿਜ਼ 466 ਵੋਟਾਂ ਦੇ ਨਾਲ ਜਿੱਤੀ ਸੀ ।ਜਿਸ ਤੋਂ ਬਾਅਦ ਉਹਨਾਂ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਜਿੱਤ ਕੇ ਇਹ ਸੀਟ ਖਾਲੀ ਹੋ ਗਈ ਅਤੇ ਹੁਣ ਉਹਨਾਂ ਦੀ ਧਰਮ ਪਤਨੀ ਚੋਣ ਮੈਦਾਨ ਦੇ ਵਿੱਚ ਹੈ। ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਭਾਜਪਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਉਹ ਅਸ਼ਵਨੀ ਸ਼ਰਮਾ ਦੇ ਕਾਫੀ ਕਰੀਬੀ ਹਨ ਅਸ਼ਵਨੀ ਸ਼ਰਮਾ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ।
ਚੱਬੇਵਾਲ ਸੀਟ
ਚੱਬੇਵਾਲ ਹਲਕੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਈਸ਼ਾਨ ਚੱਬੇਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਚੱਬੇਵਾਲ ਤੋਂ ਕਾਂਗਰਸ ਵੱਲੋਂ ਰਣਜੀਤ ਕੁਮਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਚੱਬੇਵਾਲ ਦੀ ਸੀਟ ਰਿਜ਼ਰਵ ਹੈ। ਭਾਜਪਾ ਦੇ ਉਮੀਦਵਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੋਹਨ ਸਿੰਘ ਠੰਡਲ ਚੋਣ ਮੈਦਾਨ ਦੇ ਵਿੱਚ ਹਨ ।ਸੋਹਨ ਸਿੰਘ ਠੰਡਲ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਹ ਕੈਬਿਨੇਟ ਵਿੱਚ ਵੀ ਸ਼ਾਮਿਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਠੰਡਲ ਕੈਬਿਨਟ ਮੰਤਰੀ ਰਹੇ ਨੇ ਇਨਾਂ ਹੀ ਨਹੀਂ ਅਕਾਲੀ ਦਲ ਵੱਲੋਂ ਇਸ ਸਾਲ ਦੀ ਸ਼ੁਰੂਆਤ ਵਿੱਚ ਉਹਨਾਂ ਨੂੰ ਲੋਕ ਸਭਾ ਸੀਟ ਤੋਂ ਵੀ ਖੜਾ ਕੀਤਾ ਗਿਆ ਸੀ ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕੁਝ ਦਿਨ ਪਹਿਲਾਂ ਹੀ ਸੋਹਨ ਸਿੰਘ ਠੰਡਲ ਅਕਾਲੀ ਦਲ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ,ਜਿਸ ਤੋਂ ਬਾਅਦ ਭਾਜਪਾ ਵੱਲੋਂ ਉਸਨੂੰ ਚੱਬੇਵਾਲ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ। 67 ਸਾਲ ਦੇ ਠੰਡਣ ਕਿਸਾਨ ਪਰਿਵਾਰ ਤੋਂ ਸੰਬੰਧਿਤ ਹਨ।
ਬਰਨਾਲਾ ਸੀਟ
ਬਰਨਾਲਾ ਤੋਂ ਹਰਦੀਪ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। 2024 ਲੋਕ ਸਭਾ ਚੋਣਾਂ ਦੇ ਵਿੱਚ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਕੈਬਿਨਟ ਮੰਤਰੀ ਗੁਰਮੀਤ ਮੀਤ ਹੇਅਰ ਨੇ ਲੋਕ ਸਭਾ ਸੀਟ ਤੇ ਕਾਬਜ਼ ਕਰ ਇਹ ਸੀਟ ਜਿੱਤੀ ਸੀ। ਹਰਿੰਦਰ ਧਾਲੀਵਾਲ ਮੀਤ ਹੇਅਰ ਦੇ ਕਾਫੀ ਕਰੀਬੀ ਹਨ। ਕਾਂਗਰਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਰਨਾਲਾ 'ਚ ਕੁਲਦੀਪ ਸਿੰਘ ਢਿੱਲੋ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਭਾਜਪਾ ਵੱਲੋਂ ਬਰਨਾਲਾ ਵਿਧਾਨ ਸਭਾ ਜਿਮਨੀ ਚੋਣ ਦੇ ਲਈ ਕੇਵਲ ਸਿੰਘ ਢਿੱਲੋ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਕੇਵਲ ਸਿੰਘ ਢਿੱਲੋ ਵੀ ਸਿਆਸਤ ਦੇ ਵਿੱਚ ਕਾਫੀ ਪੁਰਾਣੇ ਹਨ ਅਤੇ ਉਹ ਵੀ ਕੁਝ ਸਮਾਂ ਪਹਿਲਾਂ ਹੀ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਕੇਵਲ ਸਿੰਘ ਢਿੱਲੋਂ ਵੀ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਹਨ। 2017 ਵਿੱਚ ਵਿਧਾਨ ਸਭਾ ਚੋਣਾਂ 'ਚ ਕੇਵਲ ਸਿੰਘ ਢਿੱਲੋ ਕਾਂਗਰਸ ਦੀ ਟਿਕਟ ਤੋਂ ਖੜੇ ਹੋਏ ਸਨ ਪਰ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਗੁਰਮੀਤ ਮੀਤ ਹੇਅਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2019 ਦੇ ਵਿੱਚ ਉਹਨਾਂ ਕਾਂਗਰਸ ਦੀ ਟਿਕਟ ਤੋਂ ਹੀ ਲੋਕ ਸਭਾ ਚੋਣਾਂ ਦੇ ਵਿੱਚ ਵੀ ਹਿੱਸਾ ਲਿਆ ਸੀ ਪਰ ਭਗਵੰਤ ਮਾਨ ਤੋਂ ਉਹਨਾਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਚਾਰ ਸੀਟਾਂ ਦੀ ਜ਼ਿਮਨੀ ਚੋਣ ਕਾਫ਼ੀ ਦਿਲਚਸਪ ਰਹਿਣ ਵਾਲੀ ਹੈ। ਇੱਕ ਤਾਂ ਇੰਨ੍ਹਾਂ ਚੋਣਾਂ 'ਚ ਪਰਿਵਾਰਵਾਦ ਨਜ਼ਰ ਆ ਰਿਹਾ ਤੇ ਦੂਜਾ ਦਲ ਬਦਲੂ ਉਮੀਦਵਾਰ ਆਪਣੀ ਆਪਣੀ ਜਿੱਤ ਦਾ ਦਾਅਵਾ ਠੋਕ ਰਹੇ ਨੇ ਪਰ ਜਿੱਤ ਦਾ ਫੈਸਲਾ ਤਾਂ 23 ਨਵੰਬਰ ਹੋਵੇਗਾ।