ਪਠਾਨਕੋਟ: ਸ਼ਹਿਰ ਦੇ ਬਜ਼ਾਰਾਂ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਨਿਗਮ ਅਧਿਕਾਰੀਆਂ ਵੱਲੋਂ ਇਸ ਨੂੰ ਹੱਲ ਕਰਨ ਲਈ ਦੁਕਾਨਦਾਰਾਂ ਵੱਲੋਂ ਸੜਕ ਉੱਤੇ ਕੀਤੇ ਗਏ ਨਜਾਇਜ਼ ਕਬਜ਼ੇ ਹਟਾਉਣ ਲਈ ਕਾਰਵਾਈ ਕੀਤੀ ਗਈ।
ਨਗਰ ਨਿਗਮ ਦੇ ਸੁਪਰੀਡੈਂਟ ਇੰਦਰਜੀਤ ਸਿੰਘ ਨੇ ਆਪਣੀ ਟੀਮ ਨਾਲ ਮਿਲ ਕੇ ਸ਼ਹਿਰ ਦੇ ਬਜ਼ਾਰਾਂ ਵਿੱਚ ਚੈਕਿੰਗ ਕੀਤੀ ਤੇ ਦੁਕਾਨਦਾਰਾਂ ਨੂੰ ਸੜਕ ਤੋਂ ਆਪਣਾ ਸਮਾਨ ਹਟਾਉਣ ਲਈ ਆਖਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸੜਕ ਉੱਤੇ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਕਿ ਉਹ ਇੱਕ ਦਿਨ ਦੇ ਅੰਦਰ ਆਪਣਾ ਸਮਾਨ ਚੁੱਕ ਲੈਣ।
ਹੋਰ ਪੜ੍ਹੋ :ਮੰਗਾਂ ਨਾਂ ਮੰਨਣ 'ਤੇ ਰਿਟਾਇਰਡ ਮੁਲਾਜ਼ਮ ਸਰਕਾਰ ਵਿਰੁੱਧ ਕਰਨਗੇ ਰੋਸ ਪ੍ਰਦਰਸ਼ਨ
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਬਜ਼ਾਰਾਂ 'ਚ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਲਈ ਤਿੰਨ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਨੋਟਿਸ ਦੇ ਨਾਲ-ਨਾਲ ਚੇਤਾਵਨੀ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਦੁਕਾਨਦਾਰ ਮੁੜ ਦੁਕਾਨਾਂ ਤੋਂ ਬਾਹਰ ਸੜਕ ਉੱਤੇ ਸਮਾਨ ਰੱਖਦੇ ਹਨ ਤਾਂ ਉਨ੍ਹਾਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਦਾ ਸਮਾਨ ਜ਼ਬਤ ਕਰ ਲਿਆ ਜਾਵੇਗਾ।