ਪਠਾਨਕੋਟ : ਪਠਾਨਕੋਟ 'ਚ ਚੋਰ ਇੰਨੇ ਬੇਖੌਫ ਹੋ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਅਤੇ ਦਿਨ-ਦਿਹਾੜੇ ਪਠਾਨਕੋਟ 'ਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਮੁਹੱਲਾ ਸੁੰਦਰ ਨਗਰ 'ਚ, ਜਿੱਥੇ 15 ਸਾਲਾ ਨਾਬਾਲਿਗ ਨੌਜਵਾਨ ਨੇ ਦਿਨ-ਦਿਹਾੜੇ ਇੱਕ-ਦੋ ਘਰਾਂ ਨੂੰ ਨਹੀਂ ਸਗੋਂ 5 ਦੇ ਕਰੀਬ ਘਰਾਂ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੇ ਆਧਾਰ 'ਤੇ ਪੁਲਿਸ ਨੇ ਇਸ ਨਾਬਾਲਗ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੱਲਬਾਤ ਕਰਦਿਆਂ ਡੀਐਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਸ਼ਾਮ ਸੂਚਨਾ ਮਿਲੀ ਸੀ ਜਿਸ 'ਚ ਚੋਰ ਨੇ ਕਰੀਬ 5 ਘਰਾਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਦੇ ਚੱਲਦੇ ਉੱਥੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਇਹ ਵੀ ਪੜ੍ਹੋ : Farmers Protest: ਸਰਕਾਰ ਦੇ ਐਲਾਨ ਤੋਂ ਮੁੁਤਮਈਨ ਨਹੀਂ ਕਿਸਾਨ, ਕਿਹਾ- ਪ੍ਰਤੀ ਕਿੱਲਾ 15000 ਰੁਪਏ ਨਾਕਾਫ਼ੀ
ਪਹਿਲਾਂ ਵੀ ਹੋ ਚੁਕੀਆਂ ਨੇ ਵਾਰਦਾਤਾਂ : ਇਹ ਵੀ ਯਾਦ ਰਹੇ ਕਿ ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਫਰਵਰੀ ਮਹੀਨੇ ਵੀ ਜਿਲ੍ਹਾ ਪਠਾਨਕੋਟ ਵਿੱਚ ਚੋਰੀ ਦੀ ਘਟਨਾ ਵਾਪਰੀ ਸੀ। ਇਥੋਂ ਦੇ ਪਿੰਡ ਸੁਕਾਲਗੜ੍ਹ ਵਿੱਚ ਇਕ ਘਰ ਵਿੱਚੋਂ ਚੋਰਾਂ ਵਲੋਂ ਸੋਨੇ ਦੇ ਗਹਿਣੇ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਸੀ। ਪਰਿਵਾਰ ਦੇ ਅਨੁਸਾਰ ਘਰ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ। ਚੋਰ ਰਾਤ ਵੇਲੇ ਘਰ ਵਿੱਚ ਦਾਖਿਲ ਹੋਏ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਦਰਜ ਹੋ ਗਈ ਹੈ ਤੇ ਪਰਿਵਾਰ ਨੇ ਇਹ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਸੀ। ਇਸਦੇ ਨਾਲ ਹੀ ਪੀੜਤ ਪਰਿਵਾਰ ਨੇ ਪੁਲਿਸ ਨੂੰ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ ਅਤੇ ਪਰਿਵਾਰ ਨੇ ਦੱਸਿਆ ਸੀ ਕਿ ਘਰ ਵਿੱਚੋਂ ਉਨ੍ਹਾਂ ਦਾ ਕੀਮਤੀ ਸਮਾਨ ਚੋਰੀ ਹੋਇਆ ਹੈ ਤੇ ਚੋਰ ਬਹੁਤ ਆਰਾਮ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਗਏ ਹਨ। ਉਨ੍ਹਾਂ ਪੁਲਿਸ ਪਾਸੋਂ ਇਨਸਾਫ ਮੰਗਿਆ ਹੈ। ਇਸ ਘਟਨਾ ਤੋਂ ਬਾਅਦ ਪਹੁੰਚੀ ਪੁਲਿਸ ਨੇ ਕਿਹਾ ਹੈ ਕਿ ਚੋਰੀ ਦੀ ਵਾਰਦਾਤ ਦੀ ਸ਼ਿਕਾਇਤ ਆਈ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਸਾਰਾ ਮਾਮਲਾ ਸੁਲਝਾਇਆ ਜਾ ਰਿਹਾ। ਜਦੋਂ ਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਢਿੱਲ੍ਹ ਕਾਰਨ ਚੋਰਾਂ ਦੇ ਹੌਂਸਲੇ ਬੁਲੰਦ ਹਨ। ਇਸ ਮਾਮਲੇ ਵਿੱਚ ਵੀ ਪੀੜਤ ਪਰਿਵਾਰ ਦੇ ਆਂਢ ਗੁਆਂਢ ਨੇ ਪੀੜਤਾਂ ਲਈ ਇਨਸਾਫ ਮੰਗਿਆ ਸੀ। ਹਾਲਾਂਕਿ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਕਾਰਨ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।