ਪਠਾਨਕੋਟ: ਵਿਸ਼ਵ ਮਲੇਰੀਆ ਦਿਵਸ ਮੌਕੇ ਲੋਕਾਂ ਨੂੰ ਮਲੇਰੀਆ ਬਾਰੇ ਜਾਗਰੂਕ ਕਰਨ ਲਈ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਰੈਲੀ ਕੱਢੀ ਗਈ। ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਹਰੀ ਝੰਡੀ ਦੇ ਕੇ ਰੈਲੀ ਨੂੰ ਰਵਾਨਾ ਕੀਤਾ। ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਚੌਕਾਂ ਤੋਂ ਹੁੰਦੇ ਹੋਏ ਮੁੜ ਸਿਵਲ ਹਸਪਤਾਲ ਪਠਾਨਕੋਟ ਆ ਕੇ ਖ਼ਤਮ ਹੋਈ।
ਜਾਣਕਾਰੀ ਦਿੰਦੇ ਹੋਏ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਮਲੇਰੀਆ ਅਤੇ ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਲੋਕਾਂ 'ਚ ਜਾਗਰੂਕਤਾ ਹੋਣਾ ਜਰੂਰੀ ਹੈ ਜਿਸ ਦੇ ਚਲਦਿਆਂ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਡਰਾਈ-ਡੇ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੇ ਅਧਿਕਾਰੀ ਘਰ-ਘਰ ਜਾ ਕੇ ਡੇਂਗੂ ਅਤੇ ਮਲੇਰੀਆ ਦੇ ਲਾਰਵੇ ਦੀ ਜਾਂਚ ਕਰਨਗੇ ਅਤੇ ਜਿਨ੍ਹਾਂ ਘਰਾਂ 'ਚ ਡੇਂਗੂ ਅਤੇ ਮਲੇਰੀਆ ਦੇ ਲਾਰਵੇ ਪਾਏ ਗਏ ਉਨ੍ਹਾਂ ਦੇ ਚਲਾਨ ਕੱਟੇ ਜਾਣਗੇ।
ਡਾਕਟਰ ਸੁਨੀਤਾ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਨੇੜੇ ਪਾਣੀ ਨੂੰ ਇਕੱਠਾ ਨਾ ਹੋਣ ਦੇਣ ਤਾਂ ਜੋ ਮਲੇਰੀਆ ਅਤੇ ਡੇਂਗੂ ਦਾ ਲਾਰਵਾ ਪੈਦਾ ਨਾ ਹੋ ਸਕੇ।