ਪਠਾਨਕੋਟ: ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਬਲਾਕ ਬਮਿਆਲ ਦੇ ਅਧੀਨ ਪੈਂਦੇ ਸਰਹੱਦੀ ਪਿੰਡ ਖੁਦਾਈ ਪੁਰ ਵਿਖੇ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਪੈਂਦੀ ਜ਼ਮੀਨ ਵਿੱਚ ਖੇਤੀ ਕਰਨ ਗਏ ਇੱਕ ਕਿਸਾਨ ਨਾਲ ਪਾਕਿਸਤਾਨੀ ਨਾਗਰਿਕ ਵੱਲੋਂ ਹੱਥੋ ਪਾਈ ਕਰਦੇ ਹੋਏ ਪਾਕਿਸਤਾਨ ਸਰਹੱਦ ਵੱਲ ਲਿਜਾਉਣ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਨੇ ਕਿਹਾ ਕਿ ਸਵੇਰੇ 10 ਵਜੇ ਦੇ ਕਰੀਬ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਗੇਟ ਨੰਬਰ 9 ਦੇ ਰਾਹੀਂ ਆਪਣੇ ਖੇਤ ਵਿੱਚ ਖੇਤੀ ਕਰਨ ਗਿਆ ਸੀ ਅਤੇ ਜਦ ਉਹ ਆਪਣੇ ਖੇਤ 'ਚ ਖੇਤੀ ਕਰ ਰਿਹਾ ਸੀ, ਕਿ ਅਚਾਨਕ ਹੀ ਇੱਕ ਪਾਕਿਸਤਾਨੀ ਨਾਗਰਿਕ ਭਾਰਤ ਦੀ ਸਰਹੱਦ ਅੰਦਰ ਆਇਆ ਅਤੇ ਉਸਦੇ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪਾਕਿਸਤਾਨੀ ਨਾਗਰਿਕ ਵੱਲੋਂ ਉਸਨੂੰ ਪਾਕਿਸਤਾਨੀ ਸਰਹੱਦ ਵੱਲ ਲਿਜਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਚੱਲਦੇ ਪੀੜਤ ਕਿਸਾਨ ਨੇ ਵਿਰੋਧ ਕੀਤਾ ਅਤੇ ਉਸ ਤੋਂ ਆਪਣੇ ਆਪ ਨੂੰ ਛੁਡਾ ਕੇ ਭਾਰਤ ਦੀ ਸਰਹੱਦ ਵੱਲ ਆ ਗਿਆ।
ਹਾਲਾਕਿ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਦੇ ਨਾਲ ਹਮੇਸ਼ਾ ਹੀ ਸੀਮਾ ਸੁਰੱਖਿਆ ਬਲ ਦੇ ਜਵਾਨ ਜਾਂਦੇ ਹਨ। ਪੀੜਤ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਸੁਰੱਖਿਆ ਬਲ ਦੇ ਜਵਾਨ ਇੰਟਰਨੈਸ਼ਨਲ ਬਾਰਡਰ ਤੋਂ ਬਹੁਤ ਪਿੱਛੇ ਖੜੇ ਸਨ। ਜਿਸਦੇ ਚਲਦੇ ਇਹ ਘਟਨਾ ਵਾਪਰੀ।
ਖੁਦਾਈ ਪੁਰ ਨਿਵਾਸੀ ਲੋਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਸੀਮਾ ਸੁਰੱਖਿਆ ਬਲ ਦੀ ਕੋਤਾਹੀ ਦੇ ਚੱਲਦੇ ਹੋਈ ਹੈ, ਪੀੜਤ ਨੇ ਮੰਗ ਕੀਤੀ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲਿਆਂ ਦੀ ਸੁਰੱਖਿਆ ਯਕੀਨੀ ਬਨਾਈ ਜਾਵੇ।