ਪਠਾਨਕੋਟ: ਮੰਗਲਵਾਰ ਸਵੇਰੇ ਸਰਹੱਦੀ ਕਸਬਾ ਬਮਿਆਲ ਵਿਖੇ ਉਝ ਦਰਿਆ 'ਤੇ ਲੱਗੇ ਪੁਲਿਸ ਨਾਕੇ 'ਤੇ ਝੋਨਾ ਲੈ ਕੇ ਆ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕ ਲਿਆ, ਜਿਸ ਕਾਰਨ ਸੜਕ 'ਤੇ ਟਰੈਕਟਰ-ਟਰਾਲੀਆਂ ਦੀ ਲਾਈਨ ਲੱਗ ਗਈ। ਪੁਲਿਸ ਦੀ ਇਸ ਕਾਰਵਾਈ ਤੋਂ ਨਰਾਜ਼ ਕਿਸਾਨਾਂ ਨੇ ਮੌਕੇ 'ਤੇ ਧਰਨਾ ਲਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਭਰਵੀਂ ਨਾਹਰੇਬਾਜ਼ੀ ਕੀਤੀ।
ਧਰਨਾਕਾਰੀ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਸਰਹੱਦੀ ਪਿੰਡ ਗੋਲਾ, ਦਨਵਾਲ ਅਤੇ ਢੀਂਡਾ ਤੋਂ ਝੋਨਾ ਲੈ ਕੇ ਆ ਰਹੇ ਹਨ, ਪਰੰਤੂ ਪੁਲਿਸ ਨੇ ਉਨ੍ਹਾਂ ਨੂੰ ਇਥੇ ਨਾਕੇ 'ਤੇ ਰੋਕ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਕੋਲੋਂ ਰਿਹਾਇਸ਼ ਦੀ ਸਬੂਤ ਮੰਗੇ ਤਾਂ ਦਿਖਾ ਦਿੱਤੇ ਪਰੰਤੂ ਫਿਰ ਵੀ ਜਾਣ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਵਸਨੀਕ ਹਨ ਅਤੇ ਸਰਹੱਦੀ ਪਿੰਡਾਂ ਤੋਂ ਪਿੰਡ ਬਮਿਆਲ ਦੀ ਮੰਡੀ ਵਿੱਚ ਝੋਨਾ ਵੇਚਣ ਆਏ ਹਨ, ਪਰ ਪੁਲਿਸ ਜਾਣ-ਬੁੱਝ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਸ ਕਾਰਨ ਹੀ ਕਿਸਾਨਾਂ ਨੇ ਸੜਕ 'ਤੇ ਦੋ ਘੰਟੇ ਜਾਮ ਲਗਾ ਦਿੱਤਾ ਅਤੇ ਭਰਵੀਂ ਨਾਹਰੇਬਾਜ਼ੀ ਕੀਤੀ।
ਉਧਰ, ਕਿਸਾਨਾਂ ਵੱਲੋਂ ਧਰਨਾ ਲਾਏ ਜਾਣ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਏਐਸਆਈ ਅਰੁਣ ਸ਼ਰਮਾ ਪੁੱਜੇ। ਉਨ੍ਹਾਂ ਨੇ ਕਿਹਾ ਇਹ ਨਾਕੇਬੰਦੀ ਪੰਜਾਬ ਮੰਡੀਬੋਰਡ ਵੱਲੋਂ ਜੰਮੂ-ਕਸ਼ਮੀਰ ਤੋਂ ਝੋਨਾ ਲਿਆ ਕੇ ਬਮਿਆਲ ਮੰਡੀ ਵਿੱਚ ਵੇਚੇ ਜਾਣ ਦੇ ਮੱਦੇਨਜ਼ਰ ਕੀਤੀ ਗਈ ਹੈ। ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦਾ ਕੋਈ ਮਕਸਦ ਨਹੀਂ ਹੈ।
ਮੌਕੇ 'ਤੇ ਪੁਲਿਸ ਨੇ ਸਾਰੀਆਂ ਟਰਾਲੀਆਂ ਨੂੰ ਜਾਂਚ ਲਈ ਥਾਣੇ ਲਿਜਾਇਆ ਗਿਆ ਅਤੇ ਕਰੀਬ ਦੋ ਘੰਟੇ ਉਪਰੰਤ ਕਿਸਾਨਾਂ ਨੂੰ ਟਰੈਕਟਰ-ਟਰਾਲੀਆਂ ਲੈ ਜਾਣ ਦਿੱਤੀਆਂ।