ਪਠਾਨਕੋਟ: ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ ਜਿਸ ਨਾਲ ਪੰਜਾਬ 'ਚ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਵੀ ਵੱਧਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਦੇ ਮਨ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਵਹਿਮ ਨੇ ਘਰ ਕਰ ਲਿਆ ਹੈ ਜਿਵੇਂ ਕਿ ਲੋਕਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਚਿਕਨ ਨਾਲ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਨਾਲ ਕੋਰੋਨਾ ਵਾਇਰਸ ਦਾ ਸਿੱਧਾ ਅਸਰ ਪੋਲਟਰੀ ਫਾਰਮ 'ਤੇ ਪੈ ਰਿਹਾ ਹੈ। ਕੋਈ ਵੀ ਵਿਅਕਤੀ ਚਿਕਨ ਦੀ ਖ਼ਰੀਦ ਨਹੀਂ ਕਰ ਰਿਹਾ ਜਿਸ ਨਾਲ ਚਿਕਨ ਦੀ ਦੁਕਾਨਾਂ ਦਾ ਕੰਮ ਠੱਪ ਹੋ ਗਿਆ ਹੈ।
ਚਿਕਨ ਦੇ ਦੁਕਾਨਦਾਰ ਜੀਵਨ ਕੁਮਾਰ ਨੇ ਕਿਹਾ ਕਿ ਉਹ ਪਿਛਲੇ 5 ਸਾਲ ਤੋਂ ਚਿਕਨ ਦਾ ਕੰਮ ਕਰ ਰਹੇ ਹਨ। ਫਿਲਹਾਲ ਕੋਰੋਨਾ ਵਾਇਰਸ ਦੇ ਚੱਲਦੇ ਉਨ੍ਹਾਂ ਦਾ ਕੰਮ ਨਹੀਂ ਚੱਲ ਰਿਹਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਚਿਕਨ ਬਜ਼ਾਰਾਂ 'ਚ 250 ਰੁਪਏ ਕਿਲੋ ਵਿੱਕਦਾ ਸੀ ਹੁਣ ਚਿਕਨ ਦੇ ਦਾਮਾਂ 'ਚ ਕਾਫ਼ੀ ਗਿਰਾਵਟ ਆਈ ਹੈ। ਚਿਕਨ 70 ਰੁਪਏ ਕਿਲੋ ਦੇ ਹਿਸਾਬ ਨਾਲ ਬਜ਼ਾਰਾਂ 'ਚ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਦਰਬਾਰ ਸਾਹਿਬ ਦੇ ਜ਼ਮੀਨਦੋਜ ਨੂੰ ਯਾਤਰੀਆਂ ਲਈ ਕੁਝ ਦਿਨਾਂ ਲਈ ਕੀਤਾ ਬੰਦ
ਉਨ੍ਹਾਂ ਨੇ ਕਿਹਾ ਕਿ ਚਿਕਨ ਦੀ ਕੀਮਤ ਘੱਟਣ ਨਾਲ ਕੋਈ ਖ਼ਾਸ ਖਰੀਦਦਾਰੀ ਨਹੀਂ ਹੋ ਰਹੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਮਨ 'ਚ ਇਹ ਵਹਿਮ ਹੈ ਕਿ ਕੋਰੋਨਾ ਵਾਇਰਸ ਚਿਕਨ ਦੇ ਨਾਲ ਹੋਇਆ ਹੈ ਜਦਕਿ ਇਸ ਤਰ੍ਹਾਂ ਨਹੀਂ ਹੈ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਇਸ ਪ੍ਰਤੀ ਜਾਗਰੁਕ ਕਰਨ ਜਿਸ ਨਾਲ ਉਨ੍ਹਾਂ ਨੂੰ ਪਤਾ ਲਗ ਸਕੇ।