ਮੋਗਾ: ਬੀਤੀ ਸਵੇਰ ਮੋਗਾ ਵਿੱਚ 'ਚ ਇੱਕ ਨੌਜਵਾਨ ਜੋ ਕਿ ਮੰਡੀ 'ਚੋਂ ਸਬਜ਼ੀ ਲੈ ਕੇ ਛੋਟੇ ਹਾਥੀ 'ਤੇ ਕੋਟਕਪੂਰਾ ਨੂੰ ਜਾ ਰਿਹਾ ਸੀ, ਦੀ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ। ਪੀੜਤ ਨੀਟੂ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਉਹ ਸਵੇਰ ਸਮੇਂ ਸਬਜ਼ੀਆਂ ਲੈ ਕੇ ਜਾ ਰਿਹਾ ਸੀ ਤਾਂ ਰਾਧਾ ਸਵਾਮੀ ਡੇਰੇ ਦੇ ਕੋਲ ਦੋ ਪੁਲਿਸ ਮੁਲਾਜ਼ਮ ਜੋ ਕਿ ਹਾਈਵੇ ਪੈਟਰੋਲਿੰਗ 'ਤੇ ਸਨ ਨੇ ਉਸ ਨੂੰ ਰੋਕ ਗੱਡੀ ਦੇ ਕਾਗਜ਼ ਚੈੱਕ ਕਰਾਉਣ ਲਈ ਕਿਹਾ ਨੌਜਵਾਨ ਨੇ ਦੋਸ਼ ਲਗਾਏ ਹਨ ਕਿ ਕਾਗਜ਼ ਪੂਰੇ ਹੋਣ ਦੇ ਬਾਵਜੂਦ ਵੀ ਉਹ ਰਿਸ਼ਵਤ ਦੀ ਮੰਗ ਕਰ ਰਹੇ ਸਨ ਤੇ ਜਦੋਂ ਉਸ ਨੇ ਰਿਸ਼ਵਤ ਦੇਣ ਤੋਂ ਮਨਾ ਕਰ ਦਿੱਤਾ ਤਾਂ ਉਨ੍ਹਾਂ ਨੇ ਡੰਡਿਆਂ ਨਾਲ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਯੂਨੀਅਨ ਪ੍ਰਧਾਨ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਤੇ ਉਨ੍ਹਾਂ ਪੁਲਿਸ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੀੜਤ ਨੌਜਵਾਨ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ਼ ਸਖਤ ਐਕਸ਼ਨ ਲਿਆ ਜਾਵੇ ਜੇਕਰ ਇਨ੍ਹਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਫੇਸਬੁੱਕ ਤੇ ਲਾਈਵ ਹੋ ਕੇ ਆਤਮ ਹੱਤਿਆ ਕਰੇਗਾ ਅਤੇ ਇਸ ਦੇ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਐਸਐਸਪੀ ਅਤੇ ਪੰਜਾਬ ਸਰਕਾਰ ਹੋਵੇਗੀ ।
ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਕੈਮਰੇ ਦੇ ਸਾਹਮਣੇ ਕੁਝ ਵੀ ਬੋਲਣ ਤੋਂ ਕਤਰਾ ਰਹੀ ਹੈ ਅਤੇ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਕਿ ਇਸ ਸਬੰਧ ਵਿੱਚ ਉਨ੍ਹਾਂ ਦੇ ਕੋਲ ਕੋਈ ਵੀ ਸ਼ਿਕਾਇਤ ਦਰਜ ਨਹੀਂ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਕੀ ਇਨ੍ਹਾਂ ਦੋ ਪੁਲਿਸ ਮੁਲਾਜ਼ਮਾਂ ਦੇ ਉੱਪਰ ਕੋਈ ਕਾਰਵਾਈ ਹੁੰਦੀ ਹੈ ਜਾਂ ਫੇਰ ਪੀੜਤ ਨੂੰ ਕੋਈ ਇਨਸਾਫ਼ ਮਿਲ ਪਾਉਂਦਾ ਹੈ ਜਾਂ ਨਹੀਂ ।