ਮੋਗਾ: ਜ਼ਿਲ੍ਹੇ ’ਚ ਇੱਕਤਰਫਾ ਪਿਆਰ ’ਚ ਅੰਨ੍ਹੇ ਹੋਏ ਸਿਰਫਿਰੇ ਆਸ਼ਿਕ ਨੇ ਵਿਆਹ ਤੋਂ 11 ਦਿਨ ਬਾਅਦ ਹੀ ਆਪਣੀ ਪ੍ਰੇਮਿਕਾ ਦੇ ਪਤੀ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਕਤਲ ਦੀ ਵਾਰਦਾਤ ਨੂੰ ਇਸ ਤਰੀਕੇ ਨਾਲ ਅੰਜਾਮ ਦਿੱਤਾ ਕਿ ਹਰ ਕਿਸੇ ਨੂੰ ਲੱਗੇ ਕਿ ਹਾਦਸਾ ਹੋਣ ਨਾਲ ਮੌਤ ਹੋਈ ਹੈ। ਪਰ ਜਦੋਂ ਮ੍ਰਿਤਕ ਦੀ ਪਤਨੀ ਨੇ ਪੁਲਿਸ ਕੋਲ ਆਪਣੇ ਪਤੀ ਦੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਤਾਂ ਪੁਲਿਸ ਨੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪਤਾ ਲੱਗਾ ਕਿ ਮ੍ਰਿਤਕ ਸਰਬਜੀਤ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਦੇ ਹੀ ਆਸ਼ਿਕ ਜਰਨੈਲ ਸਿੰਘ ਨੇ ਕਤਲ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਜਰਨੈਲ ਸਿੰਘ ਸਮੇਤ ਉਸ ਦੇ ਸਾਥੀ ਰਾਜਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਮੁਲਜ਼ਮਾਂ ਦਾ ਤੀਜਾ ਸਾਥੀ ਛਿੰਦੀ ਅਜੇ ਵੀ ਫਰਾਰ ਚੱਲ ਰਿਹਾ ਹੈ।
ਇਹ ਵੀ ਪੜੋ: ਜਲੰਧਰ ’ਚ ਪਟਵਾਰੀ ਨੂੰ ਰੰਗੇ ਹੱਥ ਰਿਸ਼ਵਤ ਲੈਂਦੇ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
ਪ੍ਰੇਮ ਸੰਬੰਧਾਂ ਦੀ ਭੇਟ ਚੜ੍ਹਿਆ ਮਜ਼ਦੂਰ ਸਰਬਜੀਤ ਸਿੰਘ
ਦੱਸ ਦਈਏ ਕਿ ਸਰਬਜੀਤ ਸਿੰਘ ਵਾਸੀ ਪਿੰਡ ਬਹਾਦਰ ਕੇ (ਲੁਧਿਆਣਾ) ਜੋ ਕਿ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ, ਉਸ ਬੀਤੀ 7 ਫਰਵਰੀ ਨੂੰ ਕੁਲਵਿੰਦਰ ਕੌਰ ਵਾਸੀ ਪਿੰਡ ਭੋਡੇ (ਜਲੰਧਰ) ਦੇ ਨਾਲ ਵਿਆਹ ਹੋਇਆ ਸੀ। ਇਸੇ ਦੌਰਾਨ 18 ਫਰਵਰੀ ਨੂੰ ਪਿੰਡ ਕਿਸ਼ਨਪੁਰਾ ਕਲਾਂ ਦੇ ਕੋਲ ਸਿੱਧਵਾਂ ਨਹਿਰ ਵਿਚੋਂ ਸ਼ੱਕੀ ਹਾਲਾਤ ਵਿਚ ਸਰਬਜੀਤ ਸਿੰਘ ਦੀ ਲਾਸ਼ ਬਰਾਮਦ ਹੋਈ ਸੀ।
ਕੁਲਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਵਿਆਹ ਤੋਂ ਪਹਿਲਾਂ ਉਹ ਆਪਣੇ ਪਿੰਡ ਦੇ ਨਾਲ ਲੱਗਦੇ ਪਿੰਡ ਮਾਓ ਸਾਹਿਬ ਵਿਚ ਜ਼ਿਮੀਂਦਾਰ ਜਰਨੈਲ ਸਿੰਘ ਦੇ ਖੇਤਾਂ ਵਿੱਚ ਕੰਮ ਕਰਦੀ ਸੀ ਅਤੇ ਉਸ ਦੇ ਜਰਨੈਲ ਸਿੰਘ ਦੇ ਨਾਲ ਪ੍ਰੇਮ ਸਬੰਧ ਸਨ। ਇਸੇ ਦੌਰਾਨ ਜਦੋਂ 17 ਫਰਵਰੀ ਨੂੰ ਉਹ ਆਪਣੇ ਪੇਕੇ ਪਿੰਡ ਗਈ ਹੋਈ ਸੀ ਤਾਂ ਉੱਥੇ ਉਸ ਨੂੰ ਜਰਨੈਲ ਸਿੰਘ ਮਿਲਿਆ ਅਤੇ ਉਸ ਨੂੰ ਧੋਖਾ ਦੇਣ ਲਈ ਤਾਨੇ ਦੇਣ ਲੱਗਾ। ਕੁਲਵਿੰਦਰ ਕੌਰ ਨੇ ਉਸ ਨੂੰ ਕਿਹਾ ਕਿ ਪਰਿਵਾਰ ਦੇ ਦਬਾਅ ਵਿੱਚ ਆ ਕੇ ਉਸ ਨੇ ਸਰਬਜੀਤ ਸਿੰਘ ਨਾਲ ਵਿਆਹ ਕਰਵਾਇਆ ਹੈ। ਇਸ ਗੱਲ ਤੋਂ ਅਗਲੇ ਹੀ ਦਿਨ 18 ਫ਼ਰਵਰੀ ਨੂੰ ਕੁਲਵਿੰਦਰ ਕੌਰ ਦੇ ਪਤੀ ਸਰਬਜੀਤ ਸਿੰਘ ਦੀ ਸ਼ੱਕੀ ਹਾਲਾਤ ਵਿਚ ਨਹਿਰ ਵਿਚੋਂ ਲਾਸ਼ ਬਰਾਮਦ ਹੋ ਗਈ।
ਇਹ ਵੀ ਪੜੋ: ਮਹਿੰਗਾਈ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦਾ ਵੱਖਰਾ ਪ੍ਰਦਰਸ਼ਨ
ਖੇਤਾਂ ਵਿੱਚ ਮਜ਼ਦੂਰੀ ਕਰਨ ਦੇ ਬਹਾਨੇ ਬੁਲਾ ਕੇ ਸਰਬਜੀਤ ਦਾ ਕੀਤਾ ਗਿਆ ਕਤਲ : ਏਐੱਸਆਈ
ਪੁਲਿਸ ਚੌਂਕੀ ਕਿਸ਼ਨਪੁਰਾ ਕਲਾਂ ਦੇ ਇੰਚਾਰਜ਼ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਰਨੈਲ ਸਿੰਘ ਨੇ ਪੁਲਿਸ ਕੋਲ ਕਬੂਲ ਕੀਤਾ ਹੈ ਕਿ 16 ਫਰਵਰੀ ਨੂੰ ਉਸ ਨੇ ਸਰਬਜੀਤ ਸਿੰਘ ਨੂੰ ਫੋਨ ਕਰਕੇ ਆਪਣੇ ਖੇਤਾਂ ਵਿੱਚ ਆਲੂ ਪੁੱਟਣ ਲਈ ਮਜ਼ਦੂਰੀ ਦੀ ਪੇਸ਼ਕਸ਼ ਕੀਤੀ ਸੀ ਅਤੇ ਇਸੇ ਦੌਰਾਨ ਉਸ ਨੇ ਸਰਬਜੀਤ ਸਿੰਘ ਨੂੰ ਪੰਜ ਸੌ ਰੁਪਏ ਅਡਵਾਂਸ ਵੀ ਦਿੱਤੇ ਸਨ। 18 ਫਰਵਰੀ ਨੂੰ ਜਰਨੈਲ ਸਿੰਘ ਨੇ ਸਰਬਜੀਤ ਸਿੰਘ ਫੋਨ ਕਰਕੇ ਪਿੰਡ ਕਿਸ਼ਨਪੁਰਾ ਕਲਾਂ ਤੱਕ ਆਉਣ ਲਈ ਕਿਹਾ ਤਾਂ ਇਸ ਦੌਰਾਨ ਜਦੋਂ ਸਰਬਜੀਤ ਸਿੰਘ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਕਿਸ਼ਨਪੁਰਾ ਕਲਾਂ ਦੇ ਕੋਲ ਪਹੁੰਚਿਆ ਤਾਂ ਜਰਨੈਲ ਸਿੰਘ ਅਤੇ ਉਸਦੇ ਸਾਥੀ ਰਾਜਬੀਰ ਅਤੇ ਛਿੰਦੀ ਨੇ ਸਰਬਜੀਤ ਸਿੰਘ ਨੂੰ ਉਸ ਦੇ ਮੋਟਰਸਾਈਕਲ 'ਤੇ ਹੀ ਅਗਵਾ ਕਰ ਲਿਆ
ਸਰਬਜੀਤ ਸਿੰਘ ਨਾਲ ਕੁੱਟਮਾਰ ਕਰਨ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਸਿੱਧਵਾਂ ਨਹਿਰ ਵਿੱਚ ਲਿਆ ਕੇ ਪਾਣੀ ਵਿੱਚ ਡੁਬੋ ਕੇ ਉਸਦਾ ਕਤਲ ਕਰ ਦਿੱਤਾ। ਏਐੱਸਆਈ ਮਨਜੀਤ ਸਿੰਘ ਦੇ ਮੁਤਾਬਕ ਮੁਲਜ਼ਮ ਨੇ ਸਰਬਜੀਤ ਸਿੰਘ ਦਾ ਕਤਲ ਇਸ ਕਰਕੇ ਕੀਤਾ ਤਾਂ ਕਿ ਬਾਅਦ ਵਿੱਚ ਉਸਨੂੰ ਕੁਲਵਿੰਦਰ ਕੌਰ ਨਾਲ ਮਿਲਣ ਵਿੱਚ ਆਸਾਨੀ ਹੋ ਸਕੇ।