ਮੋਗਾ: ਜ਼ਿਲ੍ਹੇ ਦੇ ਪਿੰਡ ਮਾਛੀਕੇ 'ਚ ਇੱਕ ਸਿੱਖ ਪਰਿਵਾਰ ਨੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ। ਇਸ ਸਿੱਖ ਪਰਿਵਾਰ ਨੇ ਆਪਣੀ 16 ਮਰਲੇ ਜ਼ਮੀਨ ਮਸਜਿਦ ਬਨਾਉਣ ਲਈ ਦਾਨ ਕੀਤੀ ਹੈ। ਦੱਸ ਦਈਏ ਕਿ ਪਿੰਡ ਦੀ ਪਹਿਲਾਂ ਵਾਲੀ 250 ਸਾਲ ਪੁਰਾਣੀ ਸਮਜਿਦ ਚਾਰ ਮਾਰਗੀ ਨਵੀਂ ਸੜਕ 'ਚ ਆਉਣ ਕਰਕੇ ਬੰਦ ਹੋ ਗਈ ਸੀ, ਜਿਸ ਕਰਕੇ ਸਿੱਖ ਪਰਿਵਾਰ ਨੇ ਮਸਜਿਦ ਬਨਾਉਣ ਲਈ ਇਹ ਉਪਰਾਲਾ ਕੀਤਾ ਹੈ।
ਦਾਨ ਕਰਨ ਵਾਲੇ ਸਿੱਖ ਪਰਿਵਾਰ ਦੇ ਮੈਂਬਰ ਦਰਸ਼ਨ ਸਿੰਘ ਨੇ ਦੱਸਿਆ ਕਿ ਸੜਕ ਬਨਣ ਕਰਕੇ ਪੁਰਾਣੀ ਮਸਜਿਦ ਉਸ ਜਗ੍ਹਾ ਵਿੱਚ ਆ ਗਈ ਸੀ ਜਿਸ ਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਵਿੱਚ ਮੁਸ਼ਕਿਲ ਆਉਂਦੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸ਼ੁਰੂ ਤੋਂ ਮੁਸਲਿਮ ਭਾਈਚਾਰੇ ਦੇ ਪਰਿਵਾਰਾਂ ਨਾਲ ਸਾਂਝ ਹੈ ਅਤੇ ਉਨ੍ਹਾਂ ਇਹ ਸੁਨੇਹਾ ਵੀ ਦਿੱਤਾ ਕਿ ਸਾਨੂੰ ਧਰਮ ਅਤੇ ਜਾਤ ਦੇ ਵਿਤਕਰੇ ਤੋਂ ਉੱਤੇ ਉੱਠ ਕੇ ਇਨਸਾਨੀਅਤ ਦਾ ਰਿਸ਼ਤਾ ਕਾਇਮ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪੰਜਾਬ ਤੇ ਹਰਿਆਣਾ ਕੰਬਿਆ, ਫ਼ਰੀਦਕੋਟ 'ਚ 0.7 ਡਿਗਰੀ ਸੈਲਸੀਅਸ ਤਾਪਮਾਨ ਕੀਤਾ ਰਿਕਾਰਡ
ਇਸ ਮੌਕੇ ਪਹੁੰਚੇ ਸਥਾਨਕ ਲੋਕਾਂ ਨੇ ਵੀ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਮਿਸਾਲਾਂ ਨਾਲ ਹੀ ਮੁਲਕ ਧਰਮ ਦੇ ਨਾਂਅ 'ਤੇ ਹੋ ਰਹੇ ਵਿਤਕਰਿਆਂ ਤੋਂ ਉੱਤੇ ਉੱਠੇਗਾ। ਇਸ ਦੇ ਨਾਲ ਹੀ ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸਿੱਖ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੁਰਾਣੀ ਮਸਜਿਦ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਨਮਾਜ਼ ਅਦਾ ਕਰਨ ਵਿੱਚ ਬਹੁਤ ਮੁਸ਼ਕਿਲ ਆ ਰਹੀ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ ਰਾਜਨੀਤਕ ਲੋਕ ਧਰਮ ਦੇ ਨਾਂਅ 'ਤੇ ਵਿਤਕਰੇ ਪੈਦਾ ਕਰਦੇ ਹਨ ਪਰ ਅਸਲ ਵਿੱਚ ਆਮ ਲੋਕਾਂ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ। ਸਿੱਖ ਪਰਿਵਾਰ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀ ਹਮੇਸ਼ਾ ਤੋਂ ਹੀ ਉਨ੍ਹਾਂ ਨਾਲ ਗੂੜ੍ਹੀ ਸਾਂਝ ਰਹੀ ਹੈ।