ਮੋਗਾ: 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਲਈ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ 44 ਉਮੀਦਵਾਰਾਂ ਦਾ ਐਲਾਨ ਕੀਤਾ। ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਉਹ ਕਾਂਗਰਸ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੋਗਾ ਦੇ ਕਿਸੇ ਵੀ ਵਾਰਡ ਵਿੱਚ ਜੇ ਕਿਸੇ ਉਮੀਦਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਨਹੀਂ ਮਿਲ ਪਾ ਰਹੀ ਤਾਂ ਉਸ ਨੂੰ ਆਮ ਆਦਮੀ ਪਾਰਟੀ ਬਤੌਰ ਉਮੀਦਵਾਰ ਸ਼ਰਨ ਦੇ ਰਹੀ ਹੈ।
ਅਕਾਲੀ ਦਲ ਆਪਣੇ ਬਲਬੂਤੇ 'ਤੇ ਲੜੇਗਾ ਚੋਣਾਂ
ਭਾਜਪਾ ਨਾਲ ਗਠਬੰਧਨ ਟੁੱਟਣ ਤੋਂ ਬਾਅਦ ਅਕਾਲੀ ਦਲ ਵੱਲੋਂ ਇਕੱਲੇ ਚੋਣਾਂ ਲੜਨ ਦੇ ਸਵਾਲ 'ਤੇ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਅਕਾਲੀ ਦਲ ਆਪਣੇ ਬਲਬੂਤੇ 'ਤੇ ਚੋਣਾਂ ਲੜਦਾ ਆਇਆ ਹੈ ਅਤੇ ਹੁਣ ਵੀ ਆਪਣੇ ਬਲਬੂਤੇ 'ਤੇ ਹੀ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੂੰ ਬੇਨਤੀ ਕੀਤੀ ਸੀ, ਕਿ ਅਜਿਹੇ ਬਿੱਲਾਂ ਕਾਰਨ ਮਾਹੌਲ ਖ਼ਰਾਬ ਹੋ ਸਕਦਾ ਹੈ ਪਰ ਇਸਦੇ ਬਾਵਜੂਦ ਇਹ ਕਾਨੂੰਨ ਪਾਸ ਕਰ ਦਿੱਤੇ, ਜਿਸ ਦਾ ਬਾਅਦ ਵਿੱਚ ਅਕਾਲੀ ਦਲ ਨੇ ਡਟ ਕੇ ਵਿਰੋਧ ਕੀਤਾ।
ਕੈਬਿਨੇਟ ਮੰਤਰੀ ਆਸ਼ੂ ਨੂੰ ਨਿਓਂਦਰਾ ਨਾ ਪਾਉਣ ਦੀ ਦਿੱਤੀ ਚਿਤਾਵਨੀ
ਜਥੇਦਾਰ ਤੋਤਾ ਸਿੰਘ ਨੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਪੀਲ ਕੀਤੀ ਕਿ ਉਹ ਧੱਕੇਸ਼ਾਹੀ ਦਾ ਨਿਓਂਦਰਾ ਨਾ ਪਾਉਣ ਕਿਉਂਕਿ ਉਹ ਨਿਓਂਦਰਾ ਮੋੜਨਾ ਜਾਣਦੇ ਵੀ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਰਾਜਨੀਤਕ ਨੇਤਾ ਦੀ ਨਿੰਦਿਆ ਕਰਨ ਵਿਚ ਵਿਸ਼ਵਾਸ ਨਹੀਂ ਰੱਖਦੇ ਹਨ।
ਕਿਸਾਨੀ ਅੰਦੋਲਨ ਲਈ ਅਕਾਲੀ ਦਲ ਨੇ ਪਾਰਲੀਮੈਂਟ ਵਿੱਚ ਸਭ ਤੋਂ ਵੱਧ ਕੀਤਾ ਵਿਰੋਧ
ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਿੱਚ ਕੈਬਿਨੇਟ ਮੰਤਰੀ ਦਾ ਅਹੁਦਾ ਚੀਫ਼ ਮਨਿਸਟਰ ਤੋਂ ਵੀ ਉੱਪਰ ਹੁੰਦਾ ਹੈ। ਕਿਸਾਨੀ ਅੰਦੋਲਨਾਂ ਲਈ ਅਕਾਲੀ ਦਲ ਵੱਲੋਂ ਪਾਰਲੀਮੈਂਟ ਵਿੱਚ ਸਭ ਤੋਂ ਵੱਧ ਵਿਰੋਧ ਕੀਤਾ ਗਿਆ ਹੈ ਅਤੇ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਨ ਐਵਾਰਡ ਵਾਪਸ ਕਰਨਾ ਕੋਈ ਛੋਟੀ ਕੁਰਬਾਨੀ ਨਹੀਂ ਹੈ।
ਇਸੇ ਆਧਾਰ 'ਤੇ ਹੁਣ ਉਹ ਲੋਕਾਂ ਵਿੱਚ ਜਾ ਕੇ ਆਪ ਵਿਕਾਸ ਦੇ ਨਾਂਅ 'ਤੇ ਵੋਟਾਂ ਮੰਗਣਗੇ। ਉਨ੍ਹਾਂ ਕਿਹਾ ਕਿ ਬਤੌਰ ਜ਼ਿਲ੍ਹਾ ਆਬਜ਼ਰਵਰ ਉਨ੍ਹਾਂ ਕੋਲ ਮੋਗਾ ਸਮੇਤ ਕੋਟ ਈਸੇ ਖਾਂ, ਨਿਹਾਲ ਸਿੰਘ ਵਾਲਾ ਅਤੇ ਬੱਧਨੀ ਕਲਾਂ ਦੀ ਵੀ ਜ਼ਿੰਮੇਵਾਰੀ ਹੈ। ਇਸ ਲਈ ਉਹ ਲੋਕਾਂ ਨੂੰ ਅਪੀਲ ਕਰਨਗੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਵੋਟਾਂ ਵਿੱਚ ਜੇਤੂ ਬਣਾ ਕੇ ਫਿਰ ਤੋਂ ਇੱਕ ਵਾਰ ਸੇਵਾ ਦਾ ਮੌਕਾ ਦਿੱਤਾ ਜਾਵੇ।