ਮੋਗਾ: ਕੋਰੋਨਾ ਵਾਇਰਸ ਦੇ ਚੱਲਦੇ ਸਾਰਾ ਕੰਮਕਾਜ ਠੱਪ ਪਿਆ ਹੋਇਆ ਹੈ ਤੇ ਕਈ ਲੋਕ ਗੁਜ਼ਾਰਾ ਕਰਨ ਲਈ ਦੂਜਿਆਂ ਦੇ ਮੁਹਤਾਜ਼ ਹੋ ਰਹੇ ਹਨ। ਲੌਕਡਾਊਨ ਦੇ ਦੌਰਾਨ ਇਕੱਠ ਕਰਨਾ ਜ਼ੁਰਮ ਮੰਨਿਆ ਜਾ ਰਿਹਾ ਹੈ। ਗੁਰਦੁਆਰਿਆਂ ਵਿੱਚ ਪਾਠ ਦੇ ਭੋਗ ਅਤੇ ਵਿਆਹ ਸ਼ਾਦੀ ਵਿੱਚ ਇਕੱਠ ਨਹੀਂ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਦੇ ਪਾਠੀ ਰਾਗੀ ਅਤੇ ਕੀਰਤਨ ਵਾਲੇ ਰੋਟੀ ਲਈ ਮੁਹਤਾਜ਼ ਹੋ ਰਹੇ ਹਨ।
ਉਨ੍ਹਾਂ ਦੀ ਮਦਦ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅੱਗੇ ਆ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਜਦੋਂ ਤੋਂ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਫੈਲੀ ਹੈ, ਉਦੋਂ ਤੋਂ ਹੀ ਸੰਸਥਾ ਵੱਲੋਂ ਜ਼ਰੂਰਤਮੰਦਾ ਦੀ ਮਦਦ ਕੀਤੀ ਜਾ ਰਹੀ ਹੈ। ਜ਼ਰੂਰਤਮੰਦਾਂ ਦੇ ਨਾਲ-ਨਾਲ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐਸਪੀ ਸਿੰਘ ਓਬਰਾਏ ਵੱਲੋਂ ਸਰਕਾਰ ਦੀ ਵੀ ਮਦਦ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਐਸਪੀ ਸਿੰਘ ਓਬਰਾਏ ਨੇ ਸਰਕਾਰੀ ਹਸਪਤਾਲ ਵਿੱਚ ਵੈਂਟੀਲੇਟਰ, ਪੀਪੀਈ ਕਿੱਟਾਂ, ਮਾਸਕ ਤੇ ਹੋਰ ਜ਼ਰੂਰਤ ਦਾ ਸਾਮਾਨ ਵੀ ਦਿੱਤਾ। ਅੱਜ ਮੋਗਾ ਟੀਮ ਵੱਲੋਂ ਗੁਰਦੁਆਰਾ ਸਾਹਿਬ ਦੇ ਪਾਠੀ ਰਾਗੀ ਅਤੇ ਕੀਰਤਨ ਕਰਨ ਵਾਲਿਆਂ ਦੇ 60 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਹੁਣ ਤੱਕ ਸਰਬੱਤ ਦਾ ਭਲਾ ਟਰੱਸਟ ਵੱਲੋਂ ਕਰੀਬ 6 ਹਜ਼ਾਰ ਦੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਹੈ।
ਉਥੇ ਹੀ ਜਾਣਕਾਰੀ ਦਿੰਦੇ ਹੋਏ ਪਾਠੀ ਸਾਹਿਬਾਨ ਨੇ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਮਦਦ ਨਹੀਂ ਮਿਲ ਰਹੀ। ਸਾਡਾ ਕਿਸੇ ਦਾ ਵੀ ਨਾਂਅ ਉਨ੍ਹਾਂ ਦੀ ਕਿਤਾਬ ਵਿੱਚ ਨਹੀਂ ਹੈ। ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ।