ਮੋਗਾ: ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ, ਕਹਾਣੀਕਾਰ, ਨਿਬੰਧਕਾਰ ਤੇ ਚਿੰਤਕ ਜਸਵੰਤ ਸਿੰਘ ਕੰਵਲ ਦਾ ਦੇਹਾਂਤ ਹੋ ਗਿਆ ਹੈ। 101 ਸਾਲਾ ਜਸਵੰਤ ਸਿੰਘ ਕੰਵਲ ਨੇ ਆਪਣੇ ਜੱਦੀ ਪਿੰਡ ਢੁੱਡੀਕੇ ’ਚ ਆਖ਼ਰੀ ਸਾਹ ਲਏ। ਉਹਨਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 2 ਵਜੇ ਪਿੰਡ ਢੁੱਡੀਕੇ ਵਿਖੇ ਕੀਤਾ ਜਾਵੇਗਾ।
ਪੰਜਾਬੀ ਸਾਹਿਤ ਦੇ ਉੱਘੇ ਉਮਰ ਦਰਾਜ਼ ਨਾਵਲਕਾਰ ਜਸਵੰਤ ਕੰਵਲ ਵੱਲੋਂ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਾਹਿਤਕਾਰ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ।
ਉਨ੍ਹਾਂ ਦੇ ਦੇਹਾਂਤ 'ਤੇ ਲੇਖਕ ਨਿੰਦਰ ਘੁਗਿਆਣਵੀ ਨੇ ਸੋਗ ਪ੍ਰਗਟਾਉਂਦਿਆਂ ਕਿਹਾ ਕਿ ਜਸਵੰਤ ਕੰਵਲ ਵਰਗੇ ਹਰੇ-ਭਰੇ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਦੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁੱਗ ਦਾ ਹੀ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ ਜਸਵੰਤ ਸਿੰਘ ਕੰਵਲ ਨੇ ਭਾਵੇਂ ਕਿਸਾਨਾਂ ਦੀ ਗੱਲ ਹੋਵੇ, ਮੁੰਡਿਆਂ-ਕੁੜੀਆਂ ਦੀਆਂ ਗੱਲਾਂ ਹੋਣ, ਪਿਆਰ ਮੁਹੱਬਤ ਦੀ ਗੱਲ ਹੋਵੇ, ਇਨ੍ਹਾਂ ਸਾਰੇ ਹਾਲਾਤਾਂ ਨੂੰ ਲੋਕਾਂ ਦੀਆਂ ਗੱਲਾਂ ਵਿੱਚ ਰਚਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਜਸਵੰਤ ਸਿੰਘ ਕੰਵਲ ਸਾਰੀ ਦੁਨੀਆਂ ਘੁੰਮਣ ਦੇ ਬਾਵਜੂਦ ਵੀ ਆਪਣੇ ਪਿੰਡ ਨਾਲ ਇਨ੍ਹਾਂ ਮੋਹ ਸੀ ਕਿ ਉਨ੍ਹਾਂ ਨੇ ਆਪਣਾ ਜੀਵਨ ਆਪਣੇ ਜੱਦੀ ਪਿੰਡ ਢੁੱਡੀਕੇ ਵਿਖੇ ਹੀ ਬਿਤਾਇਆ।
ਜਸਵੰਤ ਸਿੰਘ ਕੰਵਲ ਦਾ ਪੰਜਾਬੀ ਸਾਹਿਤ ਦਾ ਵੱਡਾ ਯੋਗਦਾਨ ਹੈ। ਸਾਲ 2007 ਵਿੱਚ ਉਨ੍ਹਾਂ ਨੂੰ ਪੰਜਾਬੀ ਸਾਹਿਤ ਸ਼੍ਰੋਮਣੀ ਐਵਾਰਡ ਨਾਲ ਨਿਵਾਜ਼ਿਆ ਗਿਆ ਸੀ। 'ਲਹੂ ਦੀ ਲੋਅ' ਨਾਵਲ ਨੇ ਉਨ੍ਹਾਂ ਨੂੰ ਕਾਫ਼ੀ ਚੜ੍ਹਤ ਮਿਲੀ।
ਇਹ ਵੀ ਪੜ੍ਹੋ: ਉੱਘੇ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਦਾ ਅੰਤਿਮ ਸਸਕਾਰ 12 ਵਜੇ
ਦੱਸ ਦਈਏ ਕਿ ‘ਲਹੂ ਦੀ ਲੋਅ’ ਨਾਵਲ ਪੰਜਾਬ ਦੀ ਨਕਸਲਬਾੜੀ ਲਹਿਰ ਉੱਤੇ ਆਧਾਰਤ ਹੈ। ਜਦੋਂ 1970 ਦੌਰਾਨ ਸਮੁੱਚੇ ਦੇਸ਼ ਵਿੱਚ ਐਮਰਜੈਂਸੀ ਲਾਗੂ ਸੀ, ਉਦੋਂ ਕੋਈ ਵੀ ਪ੍ਰਕਾਸ਼ਕ ਜਸਵੰਤ ਸਿੰਘ ਕੰਵਲ ਦਾ ਇਹ ਨਾਵਲ ਛਾਪਣ ਨੂੰ ਤਿਆਰ ਨਹੀਂ ਸੀ। ਇਸੇ ਲਈ ਜਸਵੰਤ ਸਿੰਘ ਕੰਵਲ ਨੂੰ ਇਹ ਨਾਵਲ ਸਿੰਗਾਪੁਰ ਤੋਂ ਛਪਵਾਉਣਾ ਪਿਆ ਸੀ ਤੇ ਉੱਥੋਂ ਸਮੱਗਲ ਕਰ ਕੇ ਭਾਰਤ ਲਿਆਂਦਾ ਗਿਆ ਸੀ। ਪੰਜਾਬ ’ਚ ਇਹ ਨਾਵਲ ਐਮਰਜੈਂਸੀ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਸੀ। ਇਸ ਦਾ ਅਨੁਵਾਦ ਅੰਗਰੇਜ਼ੀ ਭਾਸ਼ਾ ’ਚ ਵੀ ਹੋ ਚੁੱਕਾ ਹੈ।
ਸਾਲ 2008 ’ਚ ਜਸਵੰਤ ਸਿੰਘ ਕੰਵਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਪੀ–ਐੱਚ.ਡੀ. ਦੀ ਆੱਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਸੀ।