ਮੋਗਾ: ਪੁਲਵਾਮਾ ਹਮਲੇ ਦੇ 20 ਮਹੀਨੇ ਬੀਤ ਜਾਣ ਤੋਂ ਬਾਅਦ ਹੁਣ ਪਾਕਿਸਤਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ। ਪਾਕਿਸਤਾਨ ਦੇ ਕੈਬਿਨੇਟ ਮੰਤਰੀ ਫ਼ਵਾਦ ਚੌਧਰੀ ਵੱਲੋਂ ਸੰਸਦ ਵਿੱਚ ਕਿਹਾ ਗਿਆ ਕਿ ਪੁਲਵਾਮਾ ਹਮਲਾ ਇਮਰਾਨ ਖ਼ਾਨ ਦੀ ਅਤੇ ਪਾਕਿਸਤਾਨ ਦੀ ਵੱਡੀ ਪ੍ਰਾਪਤੀ ਹੈ।
ਪਾਕਿਸਤਾਨ ਦੇ ਇਸ ਬਿਆਨ ਤੋਂ ਬਾਅਦ ਪੁਲਵਾਮਾ ਹਮਲੇ ਦੇ ਸ਼ਹੀਦ ਸੀ.ਆਰ.ਪੀ.ਐਫ. ਜਵਾਨਾਂ ਦੇ ਪਰਿਵਾਰਾਂ ਜ਼ਖ਼ਮ ਇੱਕ ਵਾਰ ਮੁੜ ਤੋਂ ਹਰੇ ਹੋ ਗਏ ਹਨ। ਪੁਲਵਾਮਾ ਹਮਲੇ ਵਿੱਚ ਮੋਗੇ ਦੇ ਸ਼ਹੀਦ ਜੈਮਲ ਸਿੰਘ ਦੀ ਮਾਤਾ ਸੁਖਜਿੰਦਰ ਕੌਰ ਨੇ ਕਿਹਾ ਕਿ ਪਾਕਿਸਤਾਨ ਨੇ ਇਹ ਬਿਆਨਬਾਜ਼ੀ ਕਰ ਸਾਨੂੰ ਇੱਕ ਵਾਰ ਮੁੜ ਧੱਕਾ ਦਿੱਤਾ ਹੈ ਅਤੇ ਪਾਕਿਸਤਾਨ ਨੇ 20 ਮਹੀਨਿਆਂ ਬਾਅਦ ਹਮਲਾ ਬਾਰੇ ਕਬੂਲ ਕਰ ਕੇ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ।
ਸੁਖਜਿੰਦਰ ਕੌਰ ਨੇ ਪਾਕਿਸਤਾਨ ਦੀ ਇਸ ਹਮਲੇ ਨੂੰ ਲੈ ਕੇ ਨਿਖੇਧੀ ਕੀਤੀ ਹੈ ਅਤੇ ਜੰਮ ਕੇ ਲਾਹਣਤਾਂ ਵੀ ਪਾਈਆਂ ਹਨ।
ਸੁਖਜਿੰਦਰ ਕੌਰ ਨੇ ਸਰਕਾਰ ਨੂੰ ਵੀ ਬਹੁਤ ਲਾਹਨਤਾ ਪਾਈਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੀ ਉਨ੍ਹਾਂ ਦੀ ਕੋਈ ਬਹੁਤੀ ਮਦਦ ਨਹੀਂ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਸਰਕਾਰ ਤੋਂ ਕੋਈ ਉਮੀਦ ਹੈ।
ਸੁਖਜਿੰਦਰ ਕੌਰ ਦੀਆਂ ਗੱਲਾਂ ਪਾਕਿਸਤਾਨ ਦੇ ਨਾਲ-ਨਾਲ ਭਾਰਤ ਦੇਸ਼ ਅਤੇ ਸਰਕਾਰਾਂ 'ਤੇ ਕਈ ਸੁਆਲ ਖੜ੍ਹੇ ਕਰ ਰਹੀਆਂ ਹਨ। ਲੋੜ ਹੈ ਕਿ ਸਾਡੀ ਸਰਕਾਰ ਸਰਹੱਦੀ ਸੁਰੱਖਿਆ ਵਧਾਵੇ, ਜਵਾਨਾਂ ਨੂੰ ਚੰਗੇ ਹਥਿਆਰ ਮੁਹੱਈਆ ਕਰਵਾਏ ਤਾਂ ਜੋ ਸਾਡੇ ਜਵਾਨ ਵਿਰੋਧੀਆਂ ਦਾ ਮੂੰਹ ਤੋੜ ਜਵਾਬ ਦੇ ਸਕਣ। ਇਸ ਦੇ ਨਾਲ ਹੀ ਲੋੜ ਹੈ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਆਪਸੀ ਗੱਲਬਾਤ ਕਰ ਇਸ ਮਸਲੇ ਨੂੰ ਸੁਲਝਾਉਣ।