ਮੋਗਾ: ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਮੋਦੀ ਦੇ ਪੁਤਲੇ ਫੂਕਣ ਦੀ ਕਾਲ 'ਤੇ ਸ਼ਨੀਵਾਰ ਦੇ ਦਿਨ ਮੋਗਾ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਬਾਘਾਪੁਰਾਣਾ ਦੇ ਨੇੜੇ ਟੋਲ ਪਲਾਜ਼ਾ 'ਤੇ ਅਰਥੀ ਮੁਜ਼ਾਹਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਖੇਤੀ ਕਾਨੂੰਨਾਂ ਤੋਂ ਸਤਾਈਆਂ ਮਹਿਲਾਵਾਂ ਨੇ ਮੋਦੀ ਦੀ ਅਰਥੀ 'ਤੇ ਪਿੱਟ ਸਿਆਪਾ ਵੀ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਦਾ ਪਿੱਟ ਸਿਆਪਾ ਕਰ ਕੇ ਬਜ਼ੁਰਗ ਮਹਿਲਾਵਾਂ ਨੇ ਵੈਣ ਪਾਏ ਅਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਰੜੇ ਫ਼ੈਸਲੇ ਲਏ ਜਾਣਗੇ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਕਈ ਵਾਰੀ ਮੀਟਿੰਗ ਹੋ ਚੁੱਕੀ ਹੈ, ਪਰ ਅਜੇ ਤੱਕ ਕੋਈ ਵੀ ਸਿੱਟਾ ਨਹੀਂ ਨਿੱਕਲਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਾਨੂੰਨਾਂ ਨੂੰ ਲਗਾਤਾਰ ਸੋਧੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਜਦਕਿ ਕਿਸਾਨਾਂ ਦੀ ਮੰਗ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਹੈ।
ਬਾਘਾਪੁਰਾਣਾ ਬਲਾਕ ਦੇ ਜਨਰਲ ਸਕੱਤਰ ਹਰਮੰਦਰ ਸਿੰਘ ਡੇਮਰੂ ਨੇ ਗੱਲਬਾਤ ਕਰਦੇ ਦੱਸਿਆ ਕਿ ਅੱਠ ਦਸੰਬਰ ਨੂੰ ਭਾਰਤ ਬੰਦ ਦੀ ਕਾਲ ਨੂੰ ਪੂਰਨ ਸਮਰਥਨ ਮਿਲ ਰਿਹਾ ਹੈ। ਦੁਕਾਨਦਾਰਾਂ ਨੇ ਵੀ ਕਿਸਾਨਾਂ ਨੂੰ ਕਹਿ ਦਿੱਤਾ ਹੈ ਕਿ ਇੱਕ ਦਿਨ ਲਈ ਨਹੀਂ ਬਲਕਿ ਪੰਦਰਾਂ ਦਿਨ ਤੱਕ ਵੀ ਉਹ ਆਪਣੀ ਦੁਕਾਨਾਂ ਨਹੀਂ ਖੋਲ੍ਹਣਗੇ। ਉਨ੍ਹਾਂ ਕਿਹਾ ਕਿ ਕਿਸਾਨੀ ਬਚਾਉਣ ਲਈ ਹਰ ਵਰਗ ਵੱਲੋਂ ਆਪਣੇ ਆਪਣੇ ਪੱਧਰ 'ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।