ਮੋਗਾ : ਸੀਪੀਐਮ ਤੇ ਸੀਪੀਆਈ ਲਿਬਰੇਸ਼ਨ ਭਾਰਤੀ ਕਿਸਾਨ ਯੂਨੀਅਨ ਦੀ ਵੱਖ-ਵੱਖ ਜੱਥੇਬੰਦੀਆਂ ਨੇ ਮੋਗਾ ਬੱਸ ਸਟੈਂਡ ਨੇੜੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ ਕੀਤਾ। ਇਸ ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ 'ਚ ਕਿਸਾਨਾਂ ਨੇ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀ ਆਗੂਆਂ ਨੇ ਕਿਹਾ ਕੇਂਦਰੀ ਸਰਕਾਰ ਕੋਰੋਨਾ ਦੀ ਆੜ 'ਚ ਸਰਕਾਰੀ ਅਦਾਰਿਆਂ ਦਾ ਨਿੱਜੀਕਰਣ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਇੱਕ ਪਾਸੇ ਜਿਥੇ ਕੋਰੋਨਾ ਕਾਲ 'ਚ ਲੋਕ ਭੁੱਖੇ ਮਰਨ ਲਈ ਮਜਬੂਰ ਹਨ, ਉਥੇ ਹੀ ਮੋਦੀ ਸਰਕਾਰ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਇਹ ਖੇਤੀ ਆਰਡੀਨੈਂਸ ਕਿਸਾਨ ਵਿਰੋਧੀ ਹਨ, ਇਸ ਲਈ ਕਿਸਾਨ ਜੱਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ।
ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮਿਸ਼ਨ ਫ਼ਤਿਹ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਕੋਰੋਨਾ ਕਾਲ 'ਚ ਲੋੜਵੰਦ ਲੋਕਾਂ ਨੂੰ ਅਨਾਜ ਨਹੀਂ ਮਿਲ ਰਿਹਾ ਤੇ ਨਾਂ ਸਿਹਤ ਸੁਵਿਧਾਵਾਂ ਮਿਲ ਰਹੀਆਂ ਹਨ। ਕੋਰੋਨਾ ਦੀ ਆੜ 'ਚ ਹਸਪਤਾਲ ਵਪਾਰ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਲੋੜਵੰਦ ਲੋਕਾਂ ਨੂੰ ਸਮੇਂ ਸਿਰ ਰਾਸ਼ਨ ਮੁਹੱਇਆ ਕਰਵਾਇਆ ਜਾਵੇ। ਜਿਨ੍ਹਾਂ ਦੀ ਨੌਕਰੀਆਂ ਖ਼ਤਮ ਹੋ ਗਈਆਂ ਹਨ, ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦੇਵੇ। ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ 'ਚ ਦਹਿਸ਼ਤ ਫੈਲਾਈ ਜਾ ਰਹੀ ਹੈ, ਉਸ ਨੂੰ ਰੋਕਿਆ ਜਾਵੇ।
ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ। ਮੌਕੇ 'ਤੇ ਪੁੱਜੇ ਡੀਐਸਪੀ ਬਲਜਿੰਦਰ ਸਿੰਘ ਨੇ ਕਿਹਾ ਕਿਸਾਨ ਯੂਨੀਅਨ ਨੇ ਧਰਨਾ ਦੇਣ ਲਈ 500 ਤੋਂ ਵੱਧ ਵਰਕਰਾਂ ਦਾ ਇੱਕਠ ਕੀਤਾ ਸੀ। ਡੀਐਸਪੀ ਨੇ ਕਿਹਾ ਕਿ ਕੋਰੋਨਾ ਕਾਲ 'ਚ ਵੱਡੀ ਗਿਣਤੀ 'ਚ ਲੋਕਾਂ ਦਾ ਇੱਕਠ ਕਰਨ ਦੀ ਮਨਾਹੀ ਹੈ। ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਮੁਤਾਬਕ ਧਰਨੇ ਨਹੀਂ ਲਾਏ ਜਾ ਸਕਦੇ, ਇਸ ਲਈ ਪ੍ਰਦਰਸ਼ਨਕਾਰੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।