ਮੋਗਾ: ਪਿੰਡ ਤਤਾਰੀਏਵਾਲਾ ਤੋਂ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੇ ਟਿਕਰੀ ਬਾਰਡਰ ਗਏ 12 ਕਿਸਾਨਾਂ ਨੂੰ 26 ਜਨਵਰੀ ਦੇ ਦਿਨ ਦਿੱਲੀ ਪੁਲਿਸ ਨੇ ਪੀਰਾਗੜ੍ਹੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਇਸੇ ਤਹਿਤ ਬੀਤੇ ਦਿਨ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਏ ਇੱਕ ਨਾਬਾਲਿਗ਼ ਕਿਸਾਨ ਨੌਜਵਾਨ ਨੂੰ ਰਿਹਾਅ ਕਰਦੇ ਹੋਏ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਰਿਹਾਅ ਹੋਏ ਨੌਜਵਾਨ ਕਿਸਾਨ ਨਵਦੀਪ ਸਿੰਘ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਕੀਤੀ। ਉਥੇ ਹੀ ਦਿੱਲੀ ਪੁਲਿਸ ਨੇ ਬਾਕੀ ਦੇ 11 ਕਿਸਾਨ ਨੌਜਵਾਨਾਂ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਹੈ।
ਇਸਤੋਂ ਇਲਾਵਾ ਪਿੰਡ ਤਤਾਰੀਏਵਾਲਾ ਦੇ ਹਿਰਾਸਤ ਵਿੱਚ ਲਏ 11 ਕਿਸਾਨਾਂ ਦੇ ਪਰਿਵਾਰ ਪੂਰੀ ਤਰ੍ਹਾਂ ਦਹਿਸ਼ਤ ਦੇ ਮਾਹੌਲ ਵਿੱਚ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਦਿੱਲੀ ਪੁਲਿਸ ਰਿਹਾਅ ਕਰ ਦੇਵੇ।
ਪਿੰਡ ਤਤਾਰੀਏਵਾਲਾ ਨਿਵਾਸੀ ਮਨਜੀਤ ਕੌਰ ਨੇ ਕਿਹਾ ਕਿ 26 ਜਨਵਰੀ ਦੀ ਸ਼ਾਮ ਤੋਂ ਬਾਅਦ ਉਸ ਦੇ ਬੇਟੇ ਨਾਲ ਉਸ ਦੀ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬੇਸ਼ੱਕ ਨਵਦੀਪ ਸਿੰਘ ਘਰ ਵਾਪਸ ਆ ਕੇ ਉਨ੍ਹਾਂ ਨੂੰ ਬੇਟੇ ਦੀ ਹਾਲ ਸਹੀ ਦੱਸਿਆ ਹੈ ਪਰ ਫਿਰ ਵੀ ਉਨ੍ਹਾਂ ਨੂੰ ਆਪਣੇ ਮੁੰਡੇ ਦਾ ਫਿਕਰ ਹੋ ਰਿਹਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੇ ਮੁੰਡੇ ਅਤੇ ਬਾਕੀ ਦੇ ਪਿੰਡ ਵਾਸੀ ਨੌਜਵਾਨਾਂ ਤੇ ਕਿਸਾਨਾਂ ਨੂੰ ਦਿੱਲੀ ਪੁਲਿਸ ਤੋਂ ਰਿਹਾਅ ਕਰਵਾਇਆ ਜਾਵੇ।