ਮੋਗਾ: ਪਿੰਡ ਫ਼ਤਿਹਗੜ੍ਹ ਕੋਰੋਟਾਣਾ ਵਿੱਚ ਕਲਯੁਗੀ ਮਾਂ-ਬਾਪ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਇਥੇ ਕੂੜੇ ਦੇ ਢੇਰ ਚੋਂ ਇੱਕ ਨਵ-ਜਨਮੀ ਬੱਚੀ ਮਿਲੀ ਹੈ। ਲੋਕਾਂ ਨੇ ਮਦਦ ਕਰ ਉਸ ਦੀ ਜਾਨ ਬਚਾਈ। ਸਥਾਨਕ ਲੋਕਾਂ ਨੇ ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਮੋਗਾ 'ਚ ਦਾਖਲ ਕਰਵਾਇਆ। ਸਿਵਲ ਹਸਪਤਾਲ ਤੇ ਬਾਲ ਸੁਰੱਖਿਆ ਅਧਿਕਾਰੀਆਂ ਵੱਲੋਂ ਉਸ ਦੀ ਦੇਖਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਮੋਗਾ ਦੇ ਮੈਡੀਕਲ ਅਫਸਰ ਡਾ. ਰਾਜੇਸ਼ ਅੱਤਰੀ ਨੇ ਦੱਸਿਆ ਕਿ ਉਨ੍ਹਾਂ ਪਿੰਡ ਦੇ ਸਰਪੰਚ ਤੋਂ ਇਸ ਸਬੰਧੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਪਿੰਡ ਦੇ ਇੱਕ ਵਿਅਕਤੀ ਨੇ ਸਰਪੰਚ ਕੂੜੇ ਦੇ ਢੇੇਰ 'ਚ ਪਏ ਹੋਣ ਦੀ ਜਾਣਕਾਰੀ ਦਿੱਤੀ। ਜਿਸ ਮਗਰੋਂ ਸਰਪੰਚ ਸਣੇ ਪਿੰਡ ਦੀਆਂ ਮਹਿਲਾਵਾਂ ਤੇ ਹੋਰਨਾਂ ਲੋਕਾਂ ਨੇ ਮੌਕੇ 'ਤੇ ਪੁੱਜ ਕੇ ਬੱਚੀ ਨੂੰ ਬਚਾਇਆ। ਬੱਚੀ ਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਡਾ. ਰਾਜੇਸ਼ ਨੇ ਦੱਸਿਆ ਕਿ ਬੱਚੀ ਦੀ ਹਾਲਤ ਸਥਿਰ ਹੈ। ਉਸ ਨੂੰ ਫੀਡ ਲੈਣ 'ਚ ਪਰੇਸ਼ਾਨੀ ਆ ਰਹੀ ਸੀ, ਪਰ ਡਾਕਟਰੀ ਨਿਗਰਾਨੀ 'ਚ ਬੱਚੀ ਦੀ ਦੇਖਭਾਲ ਕੀਤੀ ਜਾ ਰਿਹਾ ਹੈ। ਜਲਦ ਹੀ ਬੱਚੀ ਦੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਦੀ ਉਮੀਂਦ ਹੈ। ਇਸ ਸਬੰਧੀ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਸੀ।
ਬੱਚੀ ਦਾ ਹਾਲ ਜਾਨਣ ਪਹੁੰਚੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਨੇ ਇਸ ਬਾਰੇ ਸੂਚਨਾ ਦਿੱਤੀ। ਉਨ੍ਹਾਂ ਨੇ ਸਿਵਲ ਹਸਪਤਾਲ ਪੁੱਜ ਕੇ ਬੱਚੀ ਦਾ ਹਾਲ ਜਾਣਿਆ। ਫਿਲਹਾਲ ਬੱਚੀ ਦੀ ਹਾਲਤ ਸਥਿਰ ਹੈ ਤੇ ਉਸ ਨੂੰ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੇ ਮਾਤਾ-ਪਿਤਾ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਬੱਚੀ ਦੇ ਠੀਕ ਹੁੰਦੇ ਹੀ ਉਸ ਅਡਾਪਸ਼ਨ ਏਜੰਸੀ ਭੇਜ ਦਿੱਤਾ ਜਾਵੇਗਾ। ਉਨ੍ਹਾਂ ਸਮਾਜ ਦੇ ਲੋਕਾਂ ਨੂੰ ਬੱਚਿਆਂ ਨਾਲ ਅਜਿਹਾ ਵਿਵਹਾਰ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਜੇਕਰ ਕੋਈ ਬੱਚੇ ਦੀ ਦੇਖਲਭਾਲ ਨਹੀਂ ਕਰ ਸਕਦਾ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਪਰ ਬੱਚਿਆਂ ਨੂੰ ਅਜਿਹੀ ਹਾਲਤ 'ਚ ਨਾ ਛੱਡੋ।