ਮੋਗਾ : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। ਕਿਸਾਨਾਂ ਦੇ ਹੱਕ 'ਚ ਉਤਰੇ ਕਈ ਕੌਮਾਂਤਰੀ ਖਿਡਾਰੀਆਂ ਨੇ ਆਪਣੇ ਪੁਰਸਕਾਰ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਇਸੇ ਕੜੀ 'ਚ ਮੋਗਾ ਜ਼ਿਲ੍ਹੇ ਪਿੰਡ ਰਾਊਕੇ ਕਲਾਂ ਦੇ ਨੈਸ਼ਨਲ ਐਥਲੀਟ ਮਨਦੀਪ ਸਿੰਘ ਪਨੇਸਰ ਨੇ 2019 ਜਿੱਤੇ ਆਪਣੇ 3 ਗੋਲਡ ਤੇ 1 ਸਿਲਵਰ ਮੈਡਲ ਰਿਲਾਇੰਸ ਨੂੰ ਵਾਪਸ ਭੇਜੇ ਹਨ।
ਕਿਸਾਨਾਂ ਦੇ ਸਮਰਥਨ ਵਿੱਚ ਆਏ ਖਿਡਾਰੀ
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਨੈਸ਼ਨਲ ਖਿਡਾਰੀ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਇਸ ਲਈ ਉਹ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਨ। ਮਨਦੀਪ ਨੇ ਕਿਹਾ ਕਿ ਉਸ ਨੇ ਕਈ ਸੂਬਾ ਪੱਧਰੀ ਤੇ ਨੈਸ਼ਨਲ ਗੇਮਜ਼ 'ਚ ਮੈਡਲ ਜਿੱਤੇ ਹਨ। ਬੀਤੇ ਸਾਲ 2019 ਵਿੱਚ ਪਟਿਆਲਾ ਵਿਖੇ ਰਿਲਾਇੰਸ ਫੈਡਰੇਸ਼ਨ ਵੱਲੋਂ ਆਯੋਜਿਤ ਸਟੇਟ ਪੱਧਰ ਦੇ ਐਥਲੈਟਿਕਿਸ ਮੁਕਾਬਲਿਆਂ 'ਚ ਉਸ ਨੇ 3 ਗੋਲਡ ਤੇ 1 ਸਿਲਵਰ ਮੈਡਲ ਜਿੱਤੇ ਸਨ। ਮਨਦੀਪ ਨੇ ਕਿਹਾ ਕਿ ਉਸ ਤੋਂ ਪਹਿਲਾਂ ਕਈ ਕੌਮਾਂਤਰੀ ਤੇ ਨਾਮੀ ਖਿਡਾਰੀਆਂ ਨੇ ਕਿਸਾਨਾਂ ਦੇ ਹੱਕਾਂ ਲਈ ਆਪਣੇ ਮੈਡਲ ਕੇਂਦਰ ਸਰਕਾਰ ਨੂੰ ਵਾਪਸ ਮੋੜ ਦਿੱਤੇ ਹਨ। ਇਸੇ ਕੜੀ ਨੂੰ ਬਰਕਰਾਰ ਰੱਖਦਿਆਂ ਉਨ੍ਹਾਂ ਨੇ ਆਪਣੇ 3 ਗੋਲਡ ਤੇ 1 ਸਿਲਵਰ ਮੈਡਲ ਰਿਲਾਇੰਸ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਕੋਰੀਅਰ ਰਾਹੀਂ ਭੇਜ ਦਿੱਤੇ ਹਨ।
ਕਾਰਪੋਰੇਟ ਘਰਾਣਿਆਂ ਦਾ ਬਾਈਕਾਟ
ਮਨਦੀਪ ਨੇ ਕਿਹਾ ਉਹ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਦਿੱਲੀ ਜਾਣਾ ਚਾਹੁੰਦੇ ਹਨ, ਪਰ ਉਹ ਆਪਣੇ ਪੇਪਰਾਂ ਦੇ ਕਾਰਨ ਦਿੱਲੀ ਨਹੀਂ ਜਾ ਪਾ ਰਹੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ। ਇਨ੍ਹਾਂ ਕਾਨੂੰਨਾਂ ਰਾਹੀਂ ਮਹਿਜ਼ ਕਾਰਪੋਰੇਟ ਘਰਾਣਿਆਂ ਨੂੰ ਹੀ ਫਾਇਦਾ ਹੋਵੇਗਾ। ਉਨ੍ਹਾਂ ਖੇਤੀ ਕਾਨੂੰਨ ਰੱਦ ਨਾ ਕਰਨ ਨੂੰ ਲੈ ਕੇ ਕੇਂਦਰ ਦੇ ਅੜੀਅਲ ਰਵਇਏ ਲਈ ਕਾਰਪੋਰੇਟ ਘਰਾਣਿਆਂ ਵੱਲੋਂ ਦਬਾਅ ਪਾਏ ਜਾਣ ਦੀ ਗੱਲ ਆਖੀ। ਮਨਦੀਪ ਨੇ ਆਪਣੇ ਪਿੰਡ ਦੇ ਖਿਡਾਰੀਆਂ ਤੇ ਹੋਰਨਾਂ ਨੈਸ਼ਨਲ ਖਿਡਾਰੀਆਂ ਨੂੰ ਕਿਸਾਨਾਂ ਦਾ ਸਾਥ ਦੇਣ ਅਤੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਖੇਤੀ ਕਾਨੂੰਨ ਲਾਗੂ ਹੋਏ ਤਾਂ ਲੋਕਾਂ 'ਤੇ ਮਹਿੰਗਾਈ ਦੀ ਮਾਰ ਪਵੇਗੀ, ਆਮ ਲੋਕ ਖਾਣ-ਪੀਣ ਦੀਆਂ ਵਸਤਾਂ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਮੋਦੀ ਸਰਕਾਰ ਨੂੰ ਜਲਦ ਤੋਂ ਜਲਦ ਖੇਤੀ ਕਾਨੂੰਨ ਵਾਪਸ ਕਰਨ ਦੀ ਮੰਗ ਕੀਤੀ।