ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਮੋਹਰੀ ਕਤਾਰ ਗਾਇਕਾਂ ਵਿੱਚ ਅਪਣਾ ਨਾਮ ਸ਼ੁਮਾਰ ਕਰਵਾਉਣ ਵਿਚ ਸੁਰਜੀਤ ਭੁੱਲਰ ਅਤੇ ਗੁਰਲੇਜ਼ ਅਖ਼ਤਰ ਸਫ਼ਲ ਰਹੇ ਹਨ। ਜੋ ਅਪਣੇ ਇਕ ਹੋਰ ਦੋਗਾਣੇ 'ਸਨੈਪਚੈਟ' ਨੂੰ ਲੈ ਕੇ ਮੁੜ ਚਰਚਾ ਵਿਚ ਹਨ। ਜਿੰਨਾਂ ਦੋਵਾਂ ਦੀ ਪ੍ਰਭਾਵੀ ਅਵਾਜ਼ ਦਾ ਪ੍ਰਗਟਾਵਾ ਕਰਵਾਉਂਦਾ ਇਹ ਗੀਤ ਜਲਦ ਸੰਗੀਤ ਮਾਰਕੀਟ ਵਿੱਚ ਅਪਣੀ ਮੌਜ਼ੂਦਗੀ ਦਰਜ਼ ਕਰਵਾਉਣ ਜਾ ਰਿਹਾ ਹੈ।
ਸੁਰਜੀਤ ਭੁੱਲਰ ਤੇ ਗੁਰਲੇਜ਼ ਅਖ਼ਤਰ ਦਾ ਦੋਗਾਣਾ ਗੀਤ
ਸਿਟੀ ਇੰਟਰਟੇਨਮੈਂਟ ਇੰਕ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਇਸ ਦੋਗਾਣਾ ਗੀਤ ਨੂੰ ਆਵਾਜ਼ ਸੁਰਜੀਤ ਭੁੱਲਰ ਅਤੇ ਗੁਰਲੇਜ਼ ਅਖਤਰ ਵੱਲੋਂ ਦਿੱਤੀ ਗਈ ਹੈ। ਜਦਕਿ ਇਸ ਦਾ ਸੰਗੀਤ ਕੇ.ਵੀ ਸਿੰਘ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨਾਂ ਵੱਲੋਂ ਬੇਹੱਦ ਸ਼ਾਨਦਾਰ ਸੰਗੀਤ ਸੰਯੋਜਨ ਅਧੀਨ ਵਜੂਦ ਵਿੱਚ ਲਿਆਂਦੇ ਗਏ। ਇਸ ਦੋਗਾਣਾ ਗੀਤ ਦੇ ਬੋਲ ਮਸ਼ਹੂਰ ਗੀਤਕਾਰ ਜੱਗੀ ਸੰਘੇੜਾ ਦੁਆਰਾ ਰਚੇ ਗਏ ਹਨ, ਜੋ ਇਸ ਤੋਂ ਪਹਿਲਾ ਵੀ ਬੇਸ਼ੁਮਾਰ ਮਕਬੂਲ ਗਾਣਿਆ ਦਾ ਸਿਰਜਣ ਕਰ ਚੁੱਕੇ ਹਨ।
ਮਿਊਜ਼ਿਕ ਵੀਡੀਓ ਬੇਹੱਦ ਸ਼ਾਨਦਾਰ
ਸੰਗੀਤ ਨਿਰਮਾਤਾ ਅਤੇ ਪੇਸ਼ਕਰਤਾ ਕੰਵਲਜੀਤ ਅਤੇ ਨਵਦੀਪ ਵੱਲੋ ਸਾਹਮਣੇ ਲਿਆਂਦੇ ਜਾ ਰਹੇ ਉਕਤ ਦੋਗਾਣਾ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ। ਜਿਸ ਦਾ ਨਿਰਦੇਸ਼ਨ ਝੱਲਾ ਸਿੱਧੂ ਵੱਲੋ ਕੀਤਾ ਗਿਆ ਹੈ, ਜਿੰਨਾਂ ਦੁਆਰਾ ਠੇਠ ਦੇਸੀ ਮਾਹੌਲ ਅਧੀਨ ਫਿਲਮਾਂਏ ਗਏ ਉਕਤ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿਚ ਸੁਰਜੀਤ ਭੁੱਲਰ ਅਤੇ ਗੁਰਲੇਜ਼ ਅਖ਼ਤਰ ਦੁਆਰਾ ਕੀਤੀ ਖੂਬਸੂਰਤ ਫੀਚਰਿੰਗ ਵੀ ਅਹਿਮ ਭੂਮਿਕਾ ਨਿਭਾਵੇਗੀ।
ਭਲਕੇ 1 ਦਸੰਬਰ ਨੂੰ ਹੋਵੇਗਾ ਰਿਲੀਜ਼
ਦੱਸ ਦਈਏ ਕਿ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਲਾਂਚ ਕੀਤੇ ਜਾ ਰਹੇ ਉਕਤ ਦੋਗਾਣਾ ਗੀਤ ਨੂੰ 1 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਪੰਜਾਬ ਦੀਆਂ ਕਈ ਮਸ਼ਹੂਰ ਅਤੇ ਚਰਚਿਤ ਗਾਇਕਾਵਾਂ ਨਾਲ ਦੋਗਾਣਾ ਗੀਤ ਗਾ ਚੁੱਕੇ ਸੁਰਜੀਤ ਭੁੱਲਰ ਦੀ ਗੁਰਲੇਜ਼ ਅਖ਼ਤਰ ਨਾਲ ਗਾਇਕੀ ਦੀ ਕਮਿਸਟਰੀ ਵੀ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ। ਜਿੰਨਾਂ ਦੇ ਇਸ ਤੋਂ ਪਹਿਲਾਂ ਅਤਿ ਮਕਬੂਲ ਰਹੇ ਦੋਗਾਣਿਆਂ ਵਿਚ 'ਮੁਲਾਕਾਤ', 'ਨਾਂਅ ਕੀ ਆ' ,'ਚੰਨ ਵਰਗਾ' ਅਤੇ 'ਫੀਲ' ਸ਼ਾਮਿਲ ਰਹੇ ਹਨ।