ਲੁਧਿਆਣਾ: ਸ਼ਹਿਰ ਲੁਧਿਆਣਾ ਦੇ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਸੈਰ ਸਪਾਟੇ 'ਤੇ ਜਾਣ ਵਾਲੇ ਲੋਕ ਵੀ ਘਰੋਂ ਨਿਕਲਣ ਸਮੇਂ ਘਬਰਾਉਣ ਲੱਗੇ ਹਨ। ਖਾਸ ਕਰਕੇ ਤੜਕਸਾਰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਪ੍ਰੈਕਟਿਸ ਕਰਨ ਵਾਲੇ ਵਿਦਿਆਰਥੀ ਅਤੇ ਆਮ ਲੋਕ ਜੋ ਆਪਣੀ ਸਿਹਤ ਲਈ ਸੈਰ ਕਰਦੇ ਹਨ ਉਹ ਵੀ ਘਰੋਂ ਨਿਕਲਣ ਤੋਂ ਡਰਦੇ ਹਨ ਕਿਉਂਕਿ ਰਸਤੇ ਦੇ ਵਿੱਚ ਕੁੱਤੇ ਉਨ੍ਹਾਂ ਨੂੰ ਵੱਢਣ ਲਈ ਦੌੜਦੇ ਹਨ। ਸੜਕਾਂ 'ਤੇ ਕੁੱਤਿਆਂ ਦੇ ਝੁੰਡ ਘੁੰਮ ਰਹੇ ਹਨ ਜੋ ਕਿ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਜਿਸ ਕਰਕੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ 'ਤੇ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਜਾਵੇ।
ਅਵਾਰਾ ਕੁੱਤਿਆਂ ਦੀ ਭਰਮਾਰ
ਹਾਲਾਂਕਿ ਕੁੱਤਿਆਂ 'ਤੇ ਨਗਰ ਨਿਗਮ ਕੋਈ ਵੀ ਠੋਸ ਕਾਰਵਾਈ ਕਰਨ ਤੋਂ ਬੱਝਿਆ ਹੋਇਆ ਹੈ ਕਿਉਂਕਿ ਕਾਨੂੰਨ ਦੇ ਮੁਤਾਬਿਕ ਬੇਜ਼ੁਬਾਨ ਜਾਨਵਰਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਤਸ਼ੱਦਦ ਤਾਂ ਨਹੀਂ ਕੀਤੀ ਜਾ ਸਕਦੀ ਪਰ ਕੁੱਤਿਆਂ ਦੀ ਨਸਬੰਦੀ ਜ਼ਰੂਰ ਕੀਤੀ ਜਾ ਸਕਦੀ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ, 'ਕੁੱਤਿਆਂ ਦੇ ਝੁੰਡ ਅਚਾਨਕ ਹੀ ਹਮਲਾ ਕਰ ਦਿੰਦੇ ਹਨ। ਉਹ ਹਰ ਰੋਜ਼ ਦਿਖਾਈ ਨਹੀਂ ਦਿੰਦੇ ਪਰ ਜਦੋਂ ਕੋਈ ਇੱਕ ਭੌਂਕਦਾ ਹੈ ਤਾਂ ਸਾਰੇ ਹੀ ਇਕੱਠੇ ਹੋ ਹੋਕੇ ਹਮਲਾ ਕਰ ਦਿੰਦੇ ਹਨ। ਹੁਣ ਨਵੇਂ ਮੇਅਰ ਬਣੇ ਹਨ ਉਨ੍ਹਾਂ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਕਾਫੀ ਪੁਰਾਣੀ ਹੈ। ਹਾਲੇ ਤੱਕ ਸ਼ਹਿਰ ਦੇ ਵਿੱਚੋਂ ਇਨ੍ਹਾਂ ਦਾ ਹੱਲ ਨਹੀਂ ਹੋ ਸਕਿਆ ਹੈ, ਨਵੇਂ ਕੰਮ ਤਾਂ ਕੀ ਹੋਣਗੇ।'
ਇਸ ਸਬੰਧੀ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨੇ ਕਿਹਾ ਹੈ ਕਿ ਹਰ ਮਹੀਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕੁੱਤਿਆਂ ਦੀ ਨਸਬੰਦੀ ਕਰਵਾਈ ਜਾ ਰਹੀ ਹੈ। ਨਸਬੰਦੀ ਕਰਨ ਦੇ ਨਾਲ ਇਨ੍ਹਾਂ ਦਾ ਗੁੱਸਾ ਘੱਟ ਜਾਂਦਾ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਜੋ ਲੋਕ ਇਨ੍ਹਾਂ ਨੂੰ ਖਾਣਾ ਆਦਿ ਪਾਉਂਦੇ ਹਨ ਅਤੇ ਇਨ੍ਹਾਂ ਨੂੰ ਸ਼ਹਿ ਦਿੰਦੇ ਹਨ। ਜਿਸ ਕਰਕੇ ਇਹ ਖਾਣਾ ਦੇਣ ਵਾਲੇ ਲੋਕ ਨੂੰ ਤਾਂ ਕੁਝ ਨਹੀਂ ਕਹਿੰਦੇ ਪਰ ਜੇਕਰ ਕੋਈ ਬਾਹਰੋਂ ਆਉਂਦਾ ਹੈ ਜਾਂ ਫਿਰ ਦੇਰ ਸਵੇਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਵੱਢਣ ਪੈਂਦੇ ਹਨ। ਉਨ੍ਹਾਂ ਕਿਹਾ ਕਿ ਅਵਾਰਾ ਕੁੱਤਿਆਂ ਦੀਆਂ ਸਮੱਸਿਆਵਾਂ ਵੱਡੀਆਂ ਹਨ। ਅਸੀਂ ਇਨ੍ਹਾਂ ਦੀ ਨਸਬੰਦੀ ਦੀ ਮੁਹਿੰਮ ਲਗਾਤਾਰ ਚਲਾ ਰਹੇ ਹਾਂ ਅਤੇ ਨਗਰ ਨਿਗਮ ਇਸ ਨੂੰ ਲੈ ਕੇ ਕਾਫੀ ਚਿੰਤਿਤ ਵੀ ਹੈ।