ਮੋਗਾ: ਨਗਰ ਨਿਗਮ ਮੋਗਾ ਦੇ ਮੀਟਿੰਗ ਹਾਲ ਵਿੱਚ ਕਮਿਸ਼ਨਰ, ਨਗਰ ਨਿਗਮ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮੋਗਾ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੀਂਹ ਦੇ ਪਾਣੀ ਨੂੰ ਬਚਾਉਣ ਅਤੇ ਸਾਂਭ ਸੰਭਾਲ ਸਬੰਧੀ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਸ਼ਰੂਆਤ ਵਿੱਚ ਕਮਿਸ਼ਨਰ ਵੱਲੋਂ ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੂੰ ਜੀ ਆਇਆ ਕਿਹਾ ਅਤੇ ਮੀਟਿੰਗ ਸ਼ੁਰੂ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਮੋਗਾ ਜ਼ਿਲ੍ਹਾ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਜੀ ਨਾਲ ਧਰਤੀ ਹੇਠਲੇ ਪਾਣੀ ਦੀ ਘੱਟ ਹੋ ਰਹੀ ਮਾਤਰਾ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਸੇ ਚਰਚਾ ਵਿਚ ਡਿਪਟੀ ਕਮਿਸ਼ਨਰ, ਮੋਗਾ ਵੱਲੋ ਲੋਕਾਂ ਨੂੰ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਲਈ ਜਾਗਰੂਕ ਕਰਨ ਲਈ ਰਾਇ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਘਟਦੇ ਭੂ ਜਲ ਬਾਰੇ ਪਹਿਲਾਂ ਤੋਂ ਹੀ ਚਿਤਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ, ਅਦਾਰਿਆਂ ਵਿੱਚ ਮੀਹ ਦੇ ਪਾਣੀ ਨੂੰ ਵਾਪਸ ਧਰਤੀ ਵਿਚ ਭੇਜਣ ਲਈ ਰੇਨ ਹਾਰਵੇਸਟਿੰਗ ਪ੍ਰਬੰਧ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਦੀ ਸਲਾਹ ਅਨੁਸਾਰ ਉਨ੍ਹਾਂ ਵੱਲੋ ਮੋਗਾ ਸ਼ਹਿਰ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਹੋਟਲ, ਮੈਰਿਜ ਪੈਲੇਸ, ਹਸਪਤਾਲ ਅਤੇ ਪ੍ਰਾਈਵੇਟ ਸਕੂਲਾਂ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਇਹ ਮੀਟਿੰਗ ਬੁਲਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਕਾਰਕਜਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੋਗਾ ਵੱਲੋਂ ਆਪਣੇ ਯਤਨਾਂ ਨਾਲ ਜ਼ਿਲ੍ਹਾ ਮੋਗਾ ਦੇ ਕਈ ਪਿੰਡਾਂ ਵਿੱਚ ਰੇਨ ਹਾਰਵੇਸਟਿੰਗ ਪ੍ਰਬੰਧ ਕਰਵਾਏ ਗਏ ਹਨ। ਇਸ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਲਈ ਤਜ਼ਰਬੇ ਵੀ ਸਾਂਝੇ ਕੀਤੇ ਗਏ। ਇਸ ਮੀਟਿੰਗ ਵਿਚ ਹੋਟਲ ਯੂਨੀਅਨ, ਮੈਰਿਜ ਪੈਲਸ ਯੂਨੀਅਨ ਅਤੇ ਡਾਕਟਰਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੋਗਾ ਤਕਨੀਕੀ ਅਧਿਕਾਰੀਆਂ ਦੀ ਸਹਾਇਤਾ ਨਾਲ ਸ਼ਹਿਰ ਵਿਚ ਨਿਗਮ ਦੀ ਪ੍ਰਾਪਰਟੀਆਂ ਦੀ ਲਿਸਟ ਤਿਆਰ ਕਰਵਾਈ ਜਾ ਰਹੀ ਹੈ ਅਤੇ ਜਿਸ ਜਗ੍ਹਾ ’ਤੇ ਅਧਿਕਾਰੀਆਂ ਦੀ ਰਾਏ ਅਨੁਸਾਰ ਮੁਨਾਸਿਬ ਹੋਵੇਗਾ, ਉਸ ਜਗ੍ਹਾ ’ਤੇ ਨਗਰ ਨਿਗਮ ਮੋਗਾ ਵੱਲੋਂ ਰੇਨ ਹਾਰਵੇਸਟਿੰਗ ਸਿਸਟਮ ਲਗਾਉਣ ਦੇ ਪ੍ਰਬੰਧ ਕੀਤੇ ਜਾਣਗੇ।
ਮੀਟਿੰਗ ਵਿੱਚ ਹਾਜ਼ਰ ਸਹਾਇਕ ਟਾਊਨ ਪਲੈਨਰ, ਨਗਰ ਨਿਗਮ ਮੋਗਾ ਵੱਲੋਂ ਦੱਸਿਆ ਗਿਆ ਕਿ 200 ਵਰਗ ਗਜ ਤੋਂ ਉੱਪਰ ਦੇ ਰਿਹਾਇਸ਼ੀ ਘਰਾਂ ਦੇ ਨਕਸ਼ੇ ਪ੍ਰਵਾਨ ਕਰਨ ਸਮੇਂ ਰੇਨ ਹਾਰਵੈਸਟਿੰਗ ਸਿਸਟਮ ਦਾ ਪ੍ਰਬੰਧ ਕਰਨਾ ਜ਼ਰੂਰੀ ਕੀਤਾ ਗਿਆ ਹੈ। ਕਮਿਸ਼ਨਰ ਵੱਲੋਂ ਸਹਾਇਕ ਟਾਊਨ ਪਲੈਨਰ ਨੂੰ ਹਦਾਇਤ ਕੀਤੀ ਕਿ 200 ਵਰਗ ਗਜ ਤੋਂ ਉਪਰ ਦੇ ਘਰਾਂ ਦੀ ਸ਼ਹਿਰ ਵਿੱਚ ਚੈਕਿੰਗ ਕੀਤੀ ਜਾਵੇ ਅਤੇ ਜਿੰਨ੍ਹਾ ਵੱਲੋ ਅਜੇ ਤੱਕ ਰੇਨ ਹਾਰਵੈਸਟਿੰਗ ਸਿਸਟਮ ਨਹੀਂ ਲਗਾਇਆ ਗਿਆ ਹੈ, ਉਨ੍ਹਾਂ ਦਾ ਚਲਾਨ ਕੀਤਾ ਜਾਵੇ ਅਤੇ ਪੰਜਾਬ ਨਗਰ ਨਿਗਮ ਐਕਟ 1976 ਅਧੀਨ ਕਾਰਵਾਈ ਕੀਤੀ ਜਾਵੇ।
ਕਮਿਸ਼ਨਰ ਵੱਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਧਰਤੀ ਹੇਠਲੇ ਪਾਣੀ ਦੀ ਘਟਦੀ ਮਾਤਰਾ ਨੂੰ ਬਚਾਉਣ ਲਈ ਸਮੂਹਿਕ ਤੌਰ ’ਤੇ ਉਪਰਾਲਾ ਕੀਤਾ ਜਾਵੇ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਕਰਕੇ ਰੇਨ ਹਾਰਵੈਸਟਿੰਗ ਸਿਸਟਮ ਰਾਹੀਂ ਧਰਤੀ ਹੇਠ ਭੇਜਿਆ ਜਾਵੇ।
ਉਨ੍ਹਾਂ ਵਲੋ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਜਿੰਨ੍ਹਾਂ ਵੱਲੋਂ ਆਪਣੇ ਘਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਜਾਂ ਭਵਿੱਖ ਵਿੱਚ ਕੀਤੀ ਜਾਣੀ ਹੈ, ਉਹ ਆਪਣੇ ਘਰਾਂ ਦੀ ਛੱਤਾਂ ਰਾਹੀਂ ਆਉਂਦੇ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਲਈ ਰੇਨ ਹਾਰਵੈਸਟਿੰਗ ਸਿਸਟਮ ਦਾ ਪ੍ਰਬੰਧ ਜ਼ਰੂਰ ਕਰਨ। ਉਨ੍ਹਾਂ ਵਲੋ ਵਿਸ਼ੇਸ਼ ਤੌਰ ’ਤੇ ਹੋਟਲ ਮਾਲਕਾਂ, ਮੈਰਿਜ ਪੈਲਸਾਂ, ਪ੍ਰਾਇਵੇਟ ਸਕੂਲਾਂ, ਕਾਲਜਾਂ, ਹਸਪਤਾਲਾਂ ਅਤੇ ਵੱਡੇ ਵਪਾਰਕ ਅਦਾਰਿਆ ਨੂੰ ਕਿਹਾ ਕਿ ਉਹ ਆਪਣੇ-2 ਅਦਾਰੇ ਵਿਚ ਰੇਨ ਹਾਰਵੈਸਟਿੰਗ ਸਿਸਟਮ ਦਾ ਪ੍ਰਬੰਧ ਕਰਕੇ ਇਸ ਚੰਗੇ ਕਾਰਜ ਵਿਚ ਆਪਣਾ ਯੋਗਦਾਨ ਪਾਉਣ।
ਇਹ ਵੀ ਪੜ੍ਹੋ:ਮਾਲਵਾ ਬੈਲਟ 'ਚ ਕੈਂਸਰ ਦਾ ਕਹਿਰ ਜਾਰੀ, ਨਹੀਂ ਥੰਮ੍ਹ ਰਿਹਾ ਮੌਤਾਂ ਦਾ ਸਿਲਸਿਲਾ, ਵੇਖੋ ਈਟੀਵੀ ਭਾਰਤ ਦੀ ਖਾਸ ਰਿਪੋਰਟ