ਮੋਗਾ: ਮੋਗਾ ਜ਼ਿਲ੍ਹੇ ਦੇ ਪਿੰਡ ਰਾਉਕੇ ਕਲਾਂ ਵਿਖੇ ਬਲਵਿੰਦਰ ਸਿੰਘ ਦੇ ਘਰ 1997 ਵਿੱਚ ਜਨਮੇ ਮਨਦੀਪ ਸਿੰਘ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਨਾਲ ਪਿਆਰ ਹੈ। ਸਕੂਲ ਪੱਧਰ ਤੋਂ ਹੀ ਅਥਲੈਟਿਕਸ ਵਿੱਚ ਮੱਲਾਂ ਮਾਰਦਾ ਹੋਇਆ ਇਹ ਨੌਜਵਾਨ ਚੜ੍ਹਦੀ ਜਵਾਨੀ ਵਿੱਚ ਹੀ ਸਟੇਟ ਲੈਵਲ ਦੀਆਂ ਪ੍ਰਤਿਯੋਗਤਾਵਾਂ ਜਿੱਤਣ ਲੱਗ ਗਿਆ। ਹੁਣ ਉਹ 'ਮਿਲਖਾ ਸਿੰਘ' ਬਣਨ ਦਾ ਸੁਪਨਾ, ਜੋ ਕਿ ਉਸ ਨੇ ਬਚਪਨ ਤੋਂ ਵੇਖਿਆ ਹੈ, ਉਸ ਟੀਚੇ ਨੂੰ ਪੂਰਾ ਕਰਨਾ ਚਾਹੁੰਦਾ ਹੈ।
ਹੁਣ ਤੱਕ 60 ਤੋਂ ਉਪਰ ਸਟੇਟ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਜਿੱਤਣ ਵਾਲੇ ਮਨਦੀਪ ਸਿੰਘ ਨੂੰ ਸਰਕਾਰ ਵੱਲੋਂ ਸਹਾਇਤਾ ਦੀ ਉਡੀਕ ਹੈ। ਘਰ ਦੇ ਹਾਲਾਤਾਂ ਵਿੱਚ ਆਰਥਿਕ ਤੰਗੀ ਤੋਂ ਜੂਝਦੇ ਹੋਏ ਪੜ੍ਹਾਈ ਦੇ ਨਾਲ-ਨਾਲ ਪ੍ਰਾਈਵੇਟ ਨੌਕਰੀ ਵੀ ਕਰਨ ਲੱਗਾ ਪਰ ਸਵੇਰੇ ਕਾਲਜ ਜਾਣਾ ਫਿਰ ਗਰਾਊਂਡ 'ਤੇ ਰਾਤ ਨੂੰ ਡਿਊਟੀ ਕਰਨਾ, ਇਸ ਤਰ੍ਹਾਂ ਉਸਦੀ ਨੀਂਦ ਪੂਰੀ ਨਾ ਹੁੰਦੀ। ਇਸ ਦਾ ਪ੍ਰਭਾਵ, ਮਨਦੀਪ ਦੀ ਪੜ੍ਹਾਈ ਅਤੇ ਖੇਡ ਅਭਿਆਸ ਉੱਤੇ ਪੈਣ ਲੱਗਾ ਜਿਸ ਕਾਰਨ ਉਸ ਨੂੰ ਨੌਕਰੀ ਛੱਡਣੀ ਪਈ।
ਪਿੰਡ ਵਿੱਚ 'ਮਿਲਖਾ ਸਿੰਘ' ਦੇ ਨਾਂਅ ਨਾਲ ਜਾਣੇ ਜਾਂਦੇ, ਇਸ ਨੌਜਵਾਨ ਦੀ ਖਵਾਹਿਸ਼ ਹੈ ਕਿ ਉਹ ਭਾਰਤ ਲਈ ਓਲੰਪਿਕ ਵਿੱਚ ਮੈਡਲ ਜਿੱਤੇ ਪਰ ਸਰਕਾਰ ਵੱਲੋਂ ਉਸ ਲਈ ਕੋਈ ਵੀ ਡਾਈਟ ਦਾ ਪ੍ਰਬੰਧ ਅਜੇ ਤੱਕ ਨਹੀਂ ਕੀਤਾ ਗਿਆ ਹੈ। ਜਦ ਕਿ ਸਰਕਾਰ ਵੱਲੋਂ ਡੇਅ ਸਕਾਲਰਸ਼ਿਪ ਲਈ ਹੋਣ ਵਾਲੀ ਪ੍ਰਤੀਯੋਗਿਤਾਂ ਵੀ 2 ਸਾਲ ਪਹਿਲਾਂ ਦਾ ਜਿੱਤ ਚੁੱਕਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਹੈ। ਉਸ ਨੇ ਅਥਲੈਟਿਕਸ ਵਿੱਚ 100 ਮੀਟਰ ਅਤੇ 200 ਮੀਟਰ ਦੌੜ ਵਿੱਚ ਆਪਣਾ ਨਾਂਅ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਨੂੰ ਸਰਕਾਰ ਵੱਲੋਂ ਕੋਈ ਵੀ ਸਹਾਇਤਾ ਨਹੀਂ ਮਿਲ ਰਹੀ ਹੈ, ਜਦਕਿ ਉਹ ਸਰਕਾਰ ਵੱਲੋਂ ਡੇਅ ਸਕਾਲਰਸ਼ਿਪ ਲਈ ਵੀ ਕੁਆਲੀਫਾਈ ਕਰ ਚੁੱਕਾ ਹੈ। ਮਨਦੀਪ ਨੇ ਮੰਗ ਕੀਤੀ ਕਿ ਉਸ ਦੀ ਡਾਈਟ ਦਾ ਅਤੇ ਕਿੱਟ ਵਗੈਰਾ ਦਾ ਸਰਕਾਰ ਵੱਲੋਂ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਅੱਗੇ ਭਾਰਤ ਲਈ ਅੰਤਰ ਰਾਸ਼ਟਰੀ ਪੱਧਰ 'ਤੇ ਖੇਡ ਕੇ ਦੇਸ਼ ਦਾ ਨਾਮ ਰੌਸ਼ਨ ਕਰ ਸਕੇ।
ਇਸ ਸਬੰਧ ਵਿਚ ਗੱਲਬਾਤ ਕਰਦੇ ਹੋਏ ਮਨਦੀਪ ਦੇ ਪਿਤਾ ਨੇ ਦੱਸਿਆ ਕਿ ਉਹ ਟਰੱਕ ਡਰਾਈਵਰੀ ਕਰਦਾ ਹੈ, ਜਿਨਾਂ ਹੋ ਸਕੇ ਉਹ ਮਨਦੀਪ ਦੀ ਡਾਈਟ ਦਾ ਪ੍ਰਬੰਧ ਕਰਦੇ ਹਨ। ਪਿੰਡ ਦੇ ਸਰਪੰਚ ਅਤੇ ਕਲੱਬ ਮੈਂਬਰਾਂ ਵੱਲੋਂ ਮਨਦੀਪ ਸਿੰਘ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ, ਪਰ ਸਰਕਾਰ ਵੱਲੋਂ ਇਸ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਪ੍ਰੇਰਿਤ ਹੋਣ ਤਾਂ ਸਰਕਾਰ ਨੂੰ ਮਨਦੀਪ ਵਰਗੇ ਖਿਡਾਰੀਆਂ ਦੀ ਬਾਂਹ ਫੜਨੀ ਪਵੇਗੀ ਤਾਂ ਜੋ ਇਨ੍ਹਾਂ ਨੂੰ ਰੋਲ ਮਾਡਲ ਮੰਨ ਕੇ ਆਉਣ ਵਾਲੀ ਪੀੜ੍ਹੀ ਖੇਡਾਂ ਵੱਲ ਉਤਸ਼ਾਹਿਤ ਹੋ ਸਕੇ।
ਇਹ ਵੀ ਪੜ੍ਹੋ: ਕੈਪਟਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ 'ਤੇ ਕੀਤੀ ਚਰਚਾ
ਇਸ ਸਬੰਧ ਵਿੱਚ ਜਦੋਂ ਮੋਗਾ ਦੇ ਡੀਸੀ ਸੰਦੀਪ ਹੰਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਵਾਲਾ ਮਸਲਾ ਉਨ੍ਹਾਂ ਦੇ ਧਿਆਨ ਵਿਚ ਹੁਣ ਹੀ ਆਇਆ ਹੈ, ਜੇਕਰ ਅਜਿਹਾ ਹੈ ਕਿ ਉਸ ਦੀ ਡਾਈਟ ਜੋ ਮਿਲਣੀ ਸਰਕਾਰ ਵੱਲੋਂ ਮਿਲਣੀ ਚਾਹੀਦੀ ਹੈ, ਇਸ ਬਾਰੇ ਜ਼ਿਲ੍ਹਾ ਖੇਡ ਅਫ਼ਸਰ ਨਾਲ ਗੱਲਬਾਤ ਕਰਨਗੇ।
ਹੁਣ ਵੇਖਣਾ ਹੋਵੇਗਾ ਕਿ ਮਨਦੀਪ ਸਿੰਘ ਅਤੇ ਉਸ ਵਰਗੇ ਹੋਰ ਖਿਡਾਰੀ ਜੋ ਭਾਰਤ ਲਈ ਕੁੱਝ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਸਾਰ ਵਲੋਂ ਲਈ ਜਾਵੇਗੀ ਜਾਂ ਡਾਈਟ ਦੀ ਘਾਟ ਕਾਰਨ ਖੇਡ ਅੱਗੇ ਨਹੀਂ ਵਧਾ ਸਕਣਗੇ।