ਮੋਗਾ: ਸ਼ਹਿਰ ਦੇ ਵਿਧਾਇਕ ਹਰਜੋਤ ਕਮਲ ਕੋਰੋਨਾ ਨੈਗੇਟਿਵ ਆਉਣ ਤੋਂ ਬਾਅਦ ਵੀਰਵਾਰ ਨੂੰ ਸਿਵਲ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸਿਵਲ ਹਸਪਤਾਲ ਵਿੱਚ ਆ ਰਹੀ ਮੁਸ਼ਕਲਾਂ ਨੂੰ ਸੁਣਿਆ ਤੇ ਉਨ੍ਹਾਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ।
ਵਿਧਾਇਕ ਡਾ. ਹਰਜੋਤ ਸਿੰਘ ਕਿਹਾ ਕਿ ਵੈਸੇ ਤਾਂ ਉਹ ਆਏ ਦਿਨ ਸਿਵਲ ਹਸਪਾਤਲ ਦਾ ਦੌਰਾ ਕਰਦੇ ਰਹਿੰਦੇ ਹਨ ਪਰ ਪਿਛਲੇ ਦਿਨੀਂ ਉਨ੍ਹਾਂ ਦੀ ਕੋਰੋਨਾ ਪੌਜ਼ੀਟਿਵ ਰਿਪੋਰਟ ਆਉਣ ਤੋਂ ਬਾਅਦ ਉਹ 14 ਦਿਨਾਂ ਲਈ ਕੁਆਰੰਟੀਨ ਹੋ ਗਏ ਸੀ ਜਿਸ ਕਰਕੇ ਉਹ ਦੌਰਾ ਨਹੀਂ ਸੀ ਕਰ ਪਾ ਰਹੇ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਜਿਸ ਤੋਂ ਬਾਅਦ ਉਹ ਦੁਬਾਰਾ ਆਪਣੀ ਟੀਮ ਦੇ ਸੰਪਰਕ ਵਿੱਚ ਆ ਕੇ ਸਿਵਲ ਹਸਪਤਾਲ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਪੌਜ਼ੀਟਿਵ ਮਰੀਜ਼ ਜ਼ਿਆਦਤਰ ਸਿਵਲ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਂਦੇ ਹਨ, ਇਸ ਲਈ ਉਹ ਸਿਵਲ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਮੋਗਾ ਦੇ ਸਿਵਲ ਹਸਪਤਾਲ ਨੂੰ ਵੀਡੀਓਗ੍ਰਾਫੀ ਦੇ ਜ਼ਰੀਏ ਵੇਖੀਏ ਤਾਂ ਇਸ ਦੇ ਚਾਰੇ ਪਾਸੇ ਇੰਟਰਲੌਕ ਟਾਈਲਾਂ ਲੱਗੀਆਂ ਹੋਈਆਂ ਹਨ ਤੇ ਐਮਰਜੈਂਸੀ ਵਿੱਚ ਲਾਈਟਾਂ ਲੱਗ ਗਈਆਂ ਹਨ, ਬਾਥਰੂਮ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੱਚਾ-ਬੱਚਾ ਵਾਰਡ ਵਿੱਚ 30 ਬੈੱਡ ਹਨ ਉਨ੍ਹਾਂ ਬੈੱਡਾਂ ਦੇ ਹਿਸਾਬ ਨਾਲ ਹੀ ਉੱਥੇ ਬਾਥਰੂਮ ਦੀ ਸੁਵਿਧਾ ਹੈ।
ਉਨ੍ਹਾਂ ਕਿਹਾ ਕਿ 400 ਕਰੋੜ ਦੀ ਲਾਗਤ ਨਾਲ ਨਵਾਂ ਜੱਚਾ ਬਚਾ ਵਾਰਡ ਬਣ ਰਿਹਾ ਹੈ ਜੋ ਕਿ ਇਸ ਸਾਲ ਮਾਰਚ ਵਿੱਚ ਬਣ ਕੇ ਤਿਆਰ ਹੋ ਜਾਣਾ ਸੀ ਪਰ ਕੋਰੋਨਾ ਕਾਰਨ ਲੱਗੇ ਲੌਕਡਾਊਨ ਕਰਕੇ ਉਸ ਦਾ ਕੰਮ ਅੱਧ ਵਿਚਕਾਰ ਰਹਿ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜੱਚਾ-ਬੱਚਾ ਕੇਂਦਰ ਆਉਣ ਵਾਲੇ ਇੱਕ-ਦੋ ਮਹੀਨੇ ਵਿੱਚ ਤਿਆਰ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।