ਮੋਗਾ : ਬੀਤੇ ਦਿਨੀ ਦਾਣਾ ਮੰਡੀ ’ਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦਾ ਭਾਰੀ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਦਰਮਿਆਨ ਝੜਪ ਹੋ ਗਈ। ਇਸ ਦੌਰਾਨ ਕਿਸਾਨਾਂ ਵੱਲੋਂ ਕੀਤੀ ਪੱਥਰਬਾਜ਼ੀ ਦੌਰਾਨ ਪੁਲਿਸ ਦੇ ਕਈ ਅਧਿਕਾਰੀਆਂ ਸਣੇ ਕੁੱਝ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਸਨ।
ਇਸ ਤੋਂ ਬਾਅਦ ਪੁਲਿਸ ਨੇ ਹਮਲਾ ਕਰਨ ਦੇ ਦੋਸ਼ 'ਚ ਕਈ ਕਿਸਾਨਾਂ ਖਿਲਾਫ਼ ਪਰਚੇ ਦਰਜ ਕੀਤੇ ਹਨ। ਇੰਸਪੈਕਟਰ ਗੁਰਪ੍ਰੀਤ ਸਿੰਘ ਤੇ ਸੀਆਈਏ ਸਟਾਫ ਪੁਲਿਸ ਦੇ ਇੰਸਪੈਕਟਰ ਤਰਲੋਚਣ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਨਾਲ ਮੋਗਾ ਦੀ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹੋ ਰਹੀ ਰੈਲੀ ਦੌਰਾਨ ਡਿਊਟੀ 'ਤੇ ਤਾਇਨਾਤ ਸਨ।ਇਸ ਦੌਰਾਨ 200/250 ਵਿਅਕਤੀ ਜਿਨਾਂ ਦੀ ਅਗਵਾਈ ਚਮਕੌਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰੋਡੇ ਕਰ ਰਿਹਾ ਸੀ। ਪ੍ਰਦਰਸ਼ਨਕਾਰੀਆਂ ਵੱਲੋਂ ਨੈਸ਼ਨਲ ਹਾਈਵੇ ਐਨ 95 ਪੂਰੀ ਤਰ੍ਹਾਂ ਜਾਮ ਕਰ ਕਰ ਦਿੱਤਾ ਗਿਆ ਸੀ, ਪੁਲਿਸ ਦੇ ਕਾਫੀ ਸਮਝਾਉਣ ਤੋਂ ਬਾਅਦ ਇਹ ਜਾਮ ਹਟਾਇਆ ਗਿਆ। ਪ੍ਰਦਰਸ਼ਨਕਾਰੀ ਆਗੂਆਂ ਵੱਲੋਂ ਮੁੜ ਉਕਸਾਏ ਜਾਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਦਾਣਾ ਮੰਡੀ ਪੁੱਜ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਰੈਲੀ ਦਾ ਵਿਰੋਧ ਕੀਤਾ।
ਪੁਲਿਸ ਮੁਤਾਬਕ ਪ੍ਰਦਰਸ਼ਨਕਾਰੀ ਆਗੂਆਂ ਵੱਲੋਂ ਵਰਕਰਾਂ ਨੂੰ ਰੋਕੇ ਜਾਣ 'ਤੇ ਪੁਲਿਸ ਕਰਮਚਾਰੀਆਂ 'ਤੇ ਟਰਾਲੀਆਂ ਚੜ੍ਹਾਉਣ ਲਈ ਉਕਸਾਇਆ ਗਿਆ ਸੀ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਮਹਿਜ਼ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਹਿਦਾਇਤ ਦਿੱਤੀ ਗਈ ਸੀ। ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਜਾਨੋ ਮਾਰਨ ਦੀ ਕੋਸ਼ਿਸ਼ 'ਚ ਟਰੈਕਟਰ- ਟਰਾਲੀਆਂ ਚੜ੍ਹਾਈਆਂ ਗਈਆਂ ਤੇ ਵਾਹਨਾਂ ਦੀ ਭੰਨਤੋੜ ਕੀਤੀ ਗਈ।
ਪੁਲਿਸ ਵੱਲੋਂ ਮੋਗਾ ਵਿਖੇ ਸੁਖਬੀਰ ਬਾਦਲ ਦੀ ਰੈਲੀ 'ਚ ਪੱਥਰਬਾਜ਼ੀ ਕਰਨ ਵਾਲੇ 17 ਕਿਸਾਨਾਂ ਆਗੂਆਂ ਸਣੇ 200 ਤੋਂ ਵੱਧ ਲੋਕਾਂ 'ਤੇ ਪਰਚੇ ਦਰਜ ਕੀਤੇ ਗਏ ਹਨ। ਪੁਲਿਸ ਨੇ ਹਮਲਾ ਕਰਨ ਦੇ ਦੋਸ਼ ’ਚ ਚਮਕੌਰ ਸਿੰਘ ਰੋਡੇ, ਕਰਮਜੀਤ ਸਿੰਘ ਵਾਸੀ ਮਾਣੂੰਕੇ, ਕਾਲੀ ਸਿੰਘ ਵਾਸੀ ਰੋਡੇ, ਨਿਰਮਲ ਸਿੰਘ ਵਾਸੀ ਰਾਜੇਆਣਾ, ਬਲਕਾਰ ਸਿੰਘ ਵਾਸੀ ਵੈਰੋਕੇ, ਬਲਦੇਵ ਸਿੰਘ ਵਾਸੀ ਜੀਰਾ (ਫਿਰੋਜਪੁਰ), ਮੋਹਨ ਲਾਲ ਸਿੰਘ ਵਾਸੀ ਰੋਡੇ, ਜਸਮਲ ਸਿੰਘ ਵਾਸੀ ਰਾਜੇਆਣਾ, ਟਹਿਲ ਸਿੰਘ ਵਾਸੀ ਝੰਡੇਆਣਾ ਸਰਕੀ, ਪਲਵਿੰਦਰ ਸਿੰਘ ਵਾਸੀ ਬਘੇਲੇ ਵਾਲਾ, ਜਤਿੰਦਰ ਸਿੰਘ ਵਾਸੀ ਡਰੋਲੀ ਭਾਈ, ਰਾਜਦੀਪ ਸਿੰਘ ਵਾਸੀ ਮੰਗੇਵਾਲਾ, ਮਨਦੀਪ ਸਿੰਘ ਵਾਸੀ ਗੱਜਣਵਾਲਾ, ਦਲਬੀਰ ਸਿੰਘ ਜੈਮਲਵਾਲਾ, ਰੇਸ਼ਮ ਸਿੰਘ ਵਾਸੀ ਮੰਗੇਵਾਲਾ, ਲਖਵੀਰ ਸਿੰਘ ਵਾਸੀ ਹਰੀਏਵਾਲਾ ਅਤੇ ਨਿਰਭੈ ਸਿੰਘ ਵਾਸੀ ਢੁੱਡੀਕੇ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਵਾਂਗ ਹੀ ਕਿਸਾਨ ਵਿਰੋਧੀ ਕਾਂਗਰਸ ਤੇ ਅਕਾਲੀ ਦਲ - ਮਨੀਸ਼ ਸਿਸੋਦੀਆ