ਮੋਗਾ: ਪੰਜਾਬ ਮੰਡੀ ਬੋਰਡ ਮੋਗਾ ਦੀ ਵਿਲੱਖਣ ਪਹਿਲਕਦਮੀ ਨਾਲ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਜ਼ਿਲ੍ਹਾ ਮੋਗਾ ਦੀ ਦਾਣਾ ਮੰਡੀ ਵਿਖੇ ਫਾਰਮਰਜ਼ ਫੂਡ ਪ੍ਰੋਸੈਸਰਜ਼ ਸੁਸਾਇਟੀ ਘੱਲ ਕਲਾਂ ਮੋਗਾ ਅਤੇ ਸੇਵਾ ਪੰਜਾਬ ਦੇ ਸਹਿਯੋਗ ਨਾਲ ਕਿਸਾਨ ਬਾਜ਼ਾਰ ਹਰ ਮਹੀਨੇ ਦੀ 10 ਤਰੀਕ ਨੂੰ ਲਾਇਆ ਜਾਂਦਾ ਹੈ। ਇਸ ਕਿਸਾਨ ਬਾਜ਼ਾਰ ਵਿੱਚ ਅਗਾਂਹਵਧੂ ਕਿਸਾਨਾਂ ਵਲੋਂ ਜ਼ਹਿਰ ਮੁਕਤ, ਰਸਾਇਣ ਮੁਕਤ, ਕੁਦਰਤੀ ਅਤੇ ਵਿਰਾਸਤੀ ਢੰਗ ਨਾਲ ਕਾਸ਼ਤ ਕੀਤੀਆਂ ਫ਼ਸਲਾਂ ਦਾ ਮੰਡੀਕਰਨ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੇ ਕਿਸਾਨ ਬਾਜ਼ਾਰ ਚ ਵੇਚੇ ਉਤਪਾਦ : ਕਿਸਾਨ ਬਜ਼ਾਰ ਵਿੱਚ ਕਿਸਾਨਾਂ ਵੱਲੋਂ ਸ਼ੁੱਧ ਗੁੱੜ, ਸ਼ੱਕਰ, ਸ਼ਹਿਦ, ਸਰੋਂ ਦਾ ਖਾਲਸ ਤੇਲ, ਦੇਸੀ ਦਾਲਾਂ, ਮੂਲ ਅਨਾਜ, ਆਟਾ, ਸਬਜ਼ੀਆਂ, ਬਾਸਮਤੀ ਚਾਵਲ, ਮਸਾਲੇ ਤੋਂ ਇਲਾਵਾ ਦੁੱਧ ਤੋਂ ਬਣੇ ਪਦਾਰਥ ਦੁੱਧ, ਲੱਸੀ, ਪਨੀਰ, ਦੇਸੀ ਘਿਓ ਵਰਗੇ ਉਤਪਾਦ ਵੇਚੇ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਅਗਲਾ ਕਿਸਾਨ ਬਜ਼ਾਰ ਹਰ ਵਾਰ ਦੀ ਤਰ੍ਹਾਂ ਨਵੀਂ ਦਾਣਾ ਮੰਡੀ ਵਿਖੇ ਮਿਤੀ 10 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Subhash Sharma Tweet's on Punjab Budget: 'ਪੰਜਾਬੀਆਂ ਨਾਲ ਠੱਗੀ ਦਾ ਦਸਤਾਵੇਜ਼ ਐ 'ਆਪ' ਦਾ ਬਜਟ'
ਅੱਜ ਦੇ ਦੌਰ ਵਿੱਚ ਕੁਦਰਤੀ ਅਤੇ ਵਿਰਾਸਤੀ ਖੇਤੀ ਦੀ ਜ਼ਰੂਰਤ : ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਕੁਦਰਤੀ ਅਤੇ ਵਿਰਾਸਤੀ ਖੇਤੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਇਸ ਨਾਲ ਮਨੁੱਖੀ ਸਰੀਰ ਨੂੰ ਲਗਦੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਜ਼ਹਿਰ ਮੁਕਤ ਖੇਤੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੀ ਚਪੇਟ ਵਿੱਚ ਆ ਕੇ ਬਹੁਤ ਸਾਰੀਆਂ ਬਹੁਮੁੱਲੀਆਂ ਜਾਨਾਂ ਜਾ ਰਹੀਆਂ ਹਨ, ਜਿਹੜੀਆਂ ਕਿ ਕੀਟਨਾਸ਼ਕ ਦਵਾਈਆਂ ਦੀ ਹੀ ਦੇਣ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਵਿੱਚ ਜਰੂਰ ਸਹਿਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਅਤੇ ਕਿਸਾਨੀ ਦੇ ਹੱਕ ਵਿੱਚ ਨਿੱਤਰਣ ਦੀ ਸਖਤ ਜ਼ਰੂਰਤ ਹੈ।
ਨੌਜਵਾਨਾਂ ਨੂੰ ਜਾਗਰੂਕ ਹੋਣ ਦੀ ਲੋੜ : ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਕਿਸਾਨ ਬਾਜ਼ਾਰ ਦਾ ਦੌਰਾ ਕੀਤਾ ਗਿਆ ਤੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਇਹੋ ਜਿਹੀਆਂ ਸਰਗਰਮੀਆਂ ਵਿਚ ਹਿੱਸਾ ਲੈਣਾ ਚਾਹੀਦਾ ਹੈ, ਤਾਂ ਜੋ ਉਹ ਵੀ ਨਸ਼ੇ ਤਿਆਗ ਕੇ ਇਕ ਨਵੇਂ ਸਮਾਜ ਦੀ ਸਿਰਜਣਾ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਕੁਰਾਹੇ ਪੈ ਕੇ ਆਪਣਾ ਤੇ ਆਪਣਾ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਕਰ ਰਹੀ ਹੈ। ਨਸ਼ੇ ਕਾਰਨ ਕਈ ਘਰਾਂ ਦੇ ਚਿਰਾਗ ਬੁਝ ਗਏ ਹਨ, ਇਸ ਲਈ ਨੌਜਵਾਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।