ਮੋਗਾ: ਪੰਜਾਬ 'ਚ ਕਾਨੂੰਨ ਵਿਵਸਥਾ ਆਏ ਦਿਨ ਸਵਾਲਾਂ ਦੇ ਘੇਰੇ 'ਚ ਹੈ। ਲੁੱਟ-ਖੋਹ ਦੀਆਂ ਬਾਰਦਾਤਾਂ 'ਚ ਆਏ ਦਿਨ ਵਾਧਾ ਹੋ ਰਿਹਾ ਹੈ।ਮੋਗਾ ਜ਼ਿਲ੍ਹਾ ਵੀ ਲੁੱਟ ਦੀਆਂ ਇੰਨ੍ਹਾਂ ਘਟਨਾਵਾਂ ਤੋਂ ਸੁਰੱਖਿਅਤ ਨਹੀਂ ਹੈ। ਹੁਣ ਲੁਟੇਰਿਆਂ ਨੇ ਇੱਕ ਅਧਿਆਪਕ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਕਾਬਲੇਜ਼ਿਕਰ ਹੈ ਕਿ ਜਦੋਂ ਅਧਿਆਪਕਾ ਸਕੂਲ਼ ਤੋਂ ਛੁੱਟੀ ਹੋਣ ਮਗਰੋਂ ਘਰ ਆ ਰਹੀ ਸੀ ਤਾਂ ਰਸਤੇ ਵਿੱਚ ਲੁਟੇਰਿਆਂ ਨੇ ਮੌਕਾ ਦੇਖ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਪਰਸ ਅਤੇ ਟਿਫ਼ਨ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ।
ਸੀਸੀਟੀਵੀ 'ਚ ਘਟਨਾ ਕੈਦ: ਲੁੱਟ ਦੀ ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਇਨ੍ਹਾਂ ਤਸਵੀਰਾਂ 'ਚ ਵੇਖ ਕੇ ਸਾਫ਼ ਪਤਾ ਲੱਗ ਰਿਹਾ ਹੈ ਕਿ ਕਿੰਨੀ ਚਲਾਕੀ ਨਾਲ ਅਤੇ ਬੇਖੌਫ਼ ਹੋ ਕੇ ਲੁਟੇਰੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਜਦੋਂ ਲੁਟੇਰਿਆਂ ਨੇ ਟੀਚਰ ਤੋਂ ਪਰਸ ਖੋਹਿਆ ਤਾਂ ਉਹ ਹੇਠਾਂ ਡਿੱਗ ਗਏ। ਜਿਸ ਕਾਰਨ ਉਨ੍ਹਾਂ ਦੇ ਗੋਡਿਆਂ ਅਤੇ ਕੂਹਣੀਆਂ 'ਤੇ ਸੱਟਾਂ ਲੱਗੀਆਂ ਪਰ ਗਨੀਮਤ ਰਹੀ ਕਿ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਸੀਸੀਟੀਵੀ ਵਿੱਚ ਉਨ੍ਹਾਂ ਲੁਟੇਰਿਆਂ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਹੈ।
ਇਨਸਾਫ਼ ਦੀ ਮੰਗ: ਪੀੜਤ ਅਧਿਆਪਕ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਪੁਲਿਸ ਨੂੰ ਜਿੱਥੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਉੱਤੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ। ਉਨਹਾਂ ਦੱਸਿਆ ਕਿ ਰੋਲਾ ਪਾਉਣ ਉੱਤੇ ਲੋਕ ਇੱਕਠੇ ਹੋ ਗਏ ਸਨ ਪਰ ਲੁਟੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ, ਲੋਕਾਂ ਨੇ ੳੇੁਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਹੱਥ ਨਹੀਂ ਆਏ। ਜਿਸ ਕਾਰਨ ਹੁਣ ਪੁਲਿਸ ਤੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ।
ਜਾਂਚ ਅਧਿਕਾਰੀ ਦਾ ਬਿਆਨ: ਬਾਘਾ ਪੁਰਾਣਾ ਦੇ ਥਾਣਾ ਇੰਚਾਰਜ ਜਸਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਪੂਰੀ ਤਰ੍ਹਾਂ ਮੂਸਤੈਦ ਹੈ। ਜਲਦ ਹੀ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਕਾਬਲੇਜ਼ਿਕਰ ਹੈ ਕਿ ਇੱਕ ਹਫ਼ਤੇ ਅੰਦਰ ਸ਼ਹਿਰ 'ਚ ਇਹ ਲੁੱਟ ਦੀ ਤੀਜੀ ਵਾਰਦਾਤ ਵਾਪਰੀ ਹੈ। ਜਿਸ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਹੈ । ਇਹੀ ਕਾਰਨ ਹੈ ਕਿ ਲੋਕ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਚੱੁਕ ਰਹੇ ਹਨ।