ਮੋਗਾ: ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਕੇਂਦਰ ਸਰਕਾਰ ਵੱਲੋਂ ਸਕੀਮ NACO ਚਲਾਈ ਜਾ ਰਹੀ ਹੈ। ਇਸ ਸਕੀਮ ਤਹਿਤ ਜਿੱਥੇ ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿਣ। ਉੱਥੇ ਹੀ ਇਹ ਕੇਂਦਰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ 2012 ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਹੁਣ ਤੱਕ 1463 ਦੇ ਕਰੀਬ ਨਸ਼ੇ ਦੇ ਆਦੀ ਅਤੇ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀਆਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਹੈ। ਜਿਨ੍ਹਾਂ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਤਾਂ 252 ਲੋਕ ਏਡਜ਼ ਤੋਂ ਪੀੜਤ ਹਨ ਅਤੇ 246 ਲੋਕ ਹੈਪੇਟਾਈਟਸ ਤੋਂ ਪੀੜਤ ਹਨ।
ਲੋਕਾਂ 'ਚ ਏਡਜ਼ ਤੇ ਹੈਪੇਟਾਈਟਸ ਸੀ ਦਾ ਵਾਧਾ ਕਿਉਂ ?: ਇਸ ਦੇ ਨਾਲ ਹੀ ਇਸ ਕੇਂਦਰ ਵਿੱਚ ਇਨ੍ਹਾਂ ਲੋਕਾਂ ਨੂੰ ਇਸ ਬਿਮਾਰੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਉਹਨਾਂ ਦਾ ਉੱਥੇ ਇਲਾਜ ਵੀ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਵਿੱਚ ਏਡਜ਼ ਅਤੇ ਹੈਪੇਟਾਈਟਸ ਸੀ ਦਾ ਵਾਧਾ ਹੋ ਰਿਹਾ ਹੈ। ਕਿਉਂਕਿ ਕਈ ਲੋਕ ਇੱਕੋਂ ਸਰਿੰਜਾਂ ਦੀ ਵਰਤੋਂ ਕਰਦੇ ਹਨ, ਇਸ ਬਾਰੇ ਵੀ ਸਮੇਂ-ਸਮੇਂ 'ਤੇ ਜਾਣਕਾਰੀ ਦਿੱਤੀ ਜਾਂਦੀ ਹੈ।
OST ਸੈਂਟਰ ਵਿੱਚ 1463 ਲੋਕਾਂ ਦੇ ਨਾਮ ਰਜਿਸਟਰਡ: ਦੂਜੇ ਪਾਸੇ ਇਸ ਮਾਮਲੇ ਵਿੱਚ ਮੋਗਾ ਦੇ ਕਾਰਜਕਾਰੀ ਸਿਵਲ ਸਰਜਨ ਨੇ ਦੱਸਿਆ ਕਿ ਮੋਗਾ ਦੇ ਸਰਕਾਰੀ ਹੈਂਡਲੂਮ ਵਿੱਚ ਚੱਲ ਰਿਹਾ ਓ.ਐਸ.ਟੀ ਸੈਂਟਰ ਜੋ ਕਿ ਕੇਂਦਰ ਸਰਕਾਰ ਦੀ ਸਕੀਮ ਨੈਕੋ ਤਹਿਤ 2012 ਵਿੱਚ ਸ਼ੁਰੂ ਕੀਤਾ ਗਿਆ ਸੀ। ਜਿਸ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ 1463 ਲੋਕਾਂ ਦੇ ਨਾਮ ਰਜਿਸਟਰਡ ਹਨ, ਜਿਨ੍ਹਾਂ ਵਿੱਚੋਂ 252 ਏਡਜ਼ ਅਤੇ 246 ਦੇ ਕਰੀਬ ਹੈਪੇਟਾਈਟਸ ਸੀ ਨਾਲ ਪੀੜਤ ਹਨ।
ਨਸ਼ੇ ਤੋਂ ਬਚਾਅ ਲਈ ਦਿੱਤੀ ਜਾਂਦੀ ਹੈ ਦਵਾਈ: ਸਿਵਲ ਸਰਜਨ ਨੇ ਦੱਸਿਆ ਕਿ ਜਿਹੜੇ ਨੌਜਵਾਨ ਨਸ਼ੇ ਲਈ ਇੱਕ ਤੋਂ ਵੱਧ ਸਰਿੰਜਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਵਿੱਚ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ। ਇਸ ਤੋਂ ਬਚਣ ਲਈ ਇਹਨਾਂ ਲੋਕਾਂ ਨੂੰ ਇਸ ਬਾਰੇ ਜਾਣਕਾਰੀ, ਹੱਲਾਸ਼ੇਰੀ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਟੀਕੇ ਵਾਲੀ ਸਾਈਡ ਤੋਂ ਹਟਾ ਕੇ ਇੱਕ ਗੋਲੀ ਦਿੱਤੀ ਜਾਂਦੀ ਹੈ, ਜੋ ਉਹਨਾਂ ਦੇ ਮੂੰਹ ਵਿੱਚ ਸਿੱਧੀ ਰੱਖੀ ਜਾਂਦੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਓਟ ਸੈਂਟਰ ਚਲਾਏ ਜਾ ਰਹੇ ਹਨ, ਜੋ ਕਿ 2018 ਵਿੱਚ ਸ਼ੁਰੂ ਹੋਏ ਸਨ। ਜੋ ਪਹਿਲਾਂ 7 ਫਿਰ 11 ਅਤੇ ਹੁਣ ਕੁੱਲ 18 ਓਟ ਸੈਂਟਰ ਹਨ, ਪਰ ਇਹ ਅੰਕੜੇ ਬਲਾਕ ਪੱਧਰ 'ਤੇ ਇਕੱਠੇ ਕੀਤੇ ਜਾਂਦੇ ਹਨ।, ਜੋ ਉਹਨਾਂ ਕੋਲ ਅਜੇ ਤੱਕ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੋਗਾ ਦੇ ਓ.ਐੱਸ.ਟੀ ਸੈਂਟਰ ਵਿੱਚ ਅਜਿਹਾ ਅਨੁਪਾਤ ਹੈ ਤਾਂ ਜ਼ਾਹਿਰ ਹੈ ਕਿ ਉੱਥੇ ਵੀ ਅਜਿਹਾ ਹੀ ਹੋਵੇਗਾ। ਪਰ ਉਨ੍ਹਾਂ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਹੋਇਆ ਹੈ ਤਾਂ ਉਹ ਇਨ੍ਹਾਂ ਕੇਂਦਰਾਂ ਨਾਲ ਸੰਪਰਕ ਕਰੇ, ਜਿੱਥੇ ਉਸ ਦਾ ਹਰ ਸੰਭਵ ਇਲਾਜ ਕੀਤਾ ਜਾਂਦਾ ਹੈ।