ਮੋਗਾ: ਜ਼ਿਲ੍ਹੇ ਦੇ ਪਿੰਡ ਚੂਹੜ ਚੱਕ ਵਿੱਚ ਉਸ ਵੇਲੇ ਸਹਿਮ ਦਾ ਮਹੌਲ ਹੋ ਗਿਆ ਜਦੋਂ ਇੱਕ 17 ਵਰ੍ਹਿਆਂ ਦੀ ਕੁੜੀ ਦੀ ਲਾਸ਼ ਪਿੰਡ ਦੇ ਹੀ ਛੱਪੜ ਵਿੱਚੋਂ ਮਿਲੀ। ਇਸ ਕੁੜੀ ਦਾ ਕਤਲ ਉਸ ਦੇ ਪਿਤਾ ਵੱਲੋਂ ਹੀ ਝੂਠੀ ਅਣਖ ਦੀ ਖਾਤਰ ਕੀਤਾ ਗਿਆ ਹੈ। ਪੁਲਿਸ ਨੇ ਕੁੜੀ ਦੇ ਪਿਉ ਸਰਵਣ ਸਿੰਘ ਨੂੰ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਕੁੜੀ ਦੇ ਪਿਤਾ ਸਰਵਣ ਸਿੰਘ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਉਸ ਦੀ ਕੁੜੀ ਅਮਨਦੀਪ ਕੌਰ ਬੀਤੀ ਰਾਤ ਤੋਂ ਲਾਪਤਾ ਹੈ। ਅੱਜ ਜਦੋਂ ਛੱਪੜ 'ਚੋਂ ਉਸ ਦੀ ਲਾਸ਼ ਮਿਲੀ ਤਾਂ ਪੁਲਿਸ ਨੇ ਜਾਂਚ ਮਗਰੋਂ ਉਸ ਦੇ ਪਿਤਾ ਸਰਵਣ ਸਿੰਘ ਖ਼ਿਲਾਫ਼ ਹੀ ਕੇਸ ਦਰਜ ਕਰ ਦਿੱਤਾ। ਥਾਣਾ ਅਜੀਤਵਾਲ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੁੜੀ ਦੇ ਪਿਤਾ ਨੇ ਹੀ ਅਣਖ ਖਾਤਰ ਆਪਣੀ ਧੀ ਦਾ ਕਤਲ ਕੀਤਾ ਹੈ ਅਤੇ ਲਾਸ਼ ਛੱਪੜ ਵਿੱਚ ਸੁੱਟ ਦਿੱਤੀ। ਉਸ ਦੀ ਕੁੜੀ ਅਮਨਦੀਪ ਕੌਰ ਦੀ ਦੋਸਤੀ ਪਿੰਡ ਦੇ ਹੀ ਕਿਸੇ ਮੁੰਡੇ ਨਾਲ ਸੀ। ਜਦੋਂ ਇਸ ਸਬੰਧੀ ਸਰਵਣ ਸਿੰਘ ਨੂੰ ਪਤਾ ਲੱਗਿਆ ਤਾਂ ਉਸ ਨੇ ਅਣਖ ਦੀ ਖਾਤਰ ਆਪਣੀ ਕੁੜੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਕੁੜੀ ਦੇ ਪਿਤਾ ਸਰਵਣ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।