ਮੋਗਾ: ਕਸਬਾ ਬਾਘਾਪੁਰਾਣਾ ਦੇ ਪਿੰਡ ਨੱਥੋਕੇ ਦੇ ਰਹਿਣ ਵਾਲੇ ਗੁਰਦੇਵ ਸਿੰਘ ਨੇ ਝਾਰਖੰਡ ਵਿੱਚ ਹੋਏ ਡਰੈਗਨ ਬੋਟ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ। ਪਿੰਡ ਪਹੁੰਚਣ ਉੱਤੇ ਪਿੰਡ ਵਾਲਿਆਂ ਨੇ ਭਰਵਾਂ ਸਵਾਗਤ ਕੀਤਾ। ਉਸ ਨੇ ਝਾਰਖੰਡ ਦੇ ਹਜ਼ਾਰੀ ਬਾਗ ਵਿੱਚ 16 ਜੂਨ ਤੋਂ 18 ਜੂਨ ਤੱਕ ਹੋਈ ਡਰੈਗਨ ਬੋਟ ਨੈਸ਼ਨਲ ਚੈਂਪੀਅਨਸ਼ਿਪ ਵਿੱਚ 1000 ਮੀਟਰ ਦੀ ਦੌੜ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ 2 ਸਿਲਵਰ ਮੈਡਲ ਵੀ ਜਿੱਤੇ। ਇਹ ਸਾਰੇ ਨੌਜਵਾਨ ਮੋਗਾ ਦੇ ਪਿੰਡ ਦੁਡੀਕੇ ਕਲੱਬ ਦੇ ਨਾਲ ਸਬੰਧਤ ਹਨ।
ਵੇਟ ਲਿਫਟਰ ਕੈਲਾ ਪਹਿਲਵਾਨ ਨੇ ਵਧਾਇਆ ਹੌਂਸਲਾ: ਇਸ ਮੌਕੇ ਵੇਟ ਲਿਫਟਰ ਕੈਲਾ ਪਹਿਲਵਾਨ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਖੁਸ਼ੀ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਸੋਨੇ ਦਾ ਤਗ਼ਮਾ ਜਿੱਤ ਕੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਦੂਜੇ ਪਾਸੇ ਕੈਲਾ ਪਹਿਲਵਾਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ ਅਪੀਲ ਕੀਤੀ ਅਤੇ ਜਿਸ ਤਰ੍ਹਾਂ ਗੁਰਦੇਵ ਨੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਅਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਤੁਹਾਡਾ ਵੀ ਸਵਾਗਤ ਕੀਤਾ ਜਾਵੇਗਾ।
ਕੋਚ ਸਣੇ ਪੂਰੇ ਪਿੰਡ ਵਾਸੀ ਖੁਸ਼: ਉੱਥੇ ਹੀ, ਪਿੰਡ ਦੀਆਂ ਔਰਤਾਂ ਨੇ ਵੀ ਖਿਡਾਰੀਆਂ ਦੇ ਗਲਾਂ ਵਿੱਚ ਹਾਰ ਪਾ ਕੇ, ਉਨਾਂ ਦਾ ਸਵਾਗਤ ਕੀਤਾ। ਦੂਜੇ ਪਾਸੇ ਕੋਚ ਜਸਬੀਰ ਨੇ ਦੱਸਿਆ ਕਿ ਉਨ੍ਹਾਂ ਨੇ ਮੋਗਾ ਵਿੱਚ ਰੋਇੰਗ ਅਤੇ ਵਾਟਰ ਸਪੋਰਟ ਨੂੰ ਉਤਸ਼ਾਹਿਤ ਕਰਨ ਲਈ 2018 ਤੋਂ ਇੱਕ ਕਦਮ ਚੁੱਕਿਆ ਸੀ। ਜਿਸ ਕਰਕੇ ਅੱਜ ਉਨ੍ਹਾਂ ਕੋਲ 40 ਤੋਂ ਵੱਧ ਬੱਚੇ ਵਾਟਰ ਸਪੋਰਟਸ ਲਈ ਕੰਮ ਕਰਦੇ ਹਨ ਅਤੇ ਜਿਸ ਵਿੱਚ ਡਰੈਗਨ ਬੋਟ ਰੋਇੰਗ ਤੋਂ ਇਲਾਵਾ ਹੋਰ ਵੀ ਖੇਡਾਂ ਕਰਵਾਈਆਂ ਜਾਂਦੀਆਂ ਹਨ ਅਤੇ ਇਹ ਇੱਕ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਸੀ ਜਿਸ ਵਿੱਚ 14 ਲੋਕ ਸ਼ਾਮਲ ਹੁੰਦੇ ਸਨ, ਜਿਨ੍ਹਾਂ ਵਿੱਚੋਂ 12 ਨੌਜਵਾਨ ਕਿਸ਼ਤੀ ਚਲਾਉਂਦੇ ਹਨ। ਇਸ ਵਿੱਚ ਉਹ ਸੋਨਾ ਦਾ ਤਗ਼ਮਾ ਲੈ ਕੇ ਆਇਆ ਹੈ।
ਨੌਜਵਾਨ ਵਿਦੇਸ਼ਾਂ ਦਾ ਰੁਖ਼ ਨਾ ਕਰਨ: ਕੋਚ ਜਸਬੀਰ ਦਾ ਕਹਿਣਾ ਹੈ ਕਿ ਵਾਟਰ ਸਪੋਰਟ ਵਿੱਚ, ਕਾਫੀ ਮਿਹਨਤ ਕਰਨੀ ਪੈਂਦੀ ਹੈ। ਇਸ ਚੈਂਪੀਅਨਸ਼ਿਪ ਵਿੱਚ ਬਹੁਤ ਜ਼ਿਆਦਾ ਤਾਕਤ ਦੀ ਲੋੜ ਹੈ, ਕਿਉਂਕਿ ਇਸ ਖੇਡ ਵਿੱਚ ਸਾਹ ਲੈਣ ਦਾ ਵੀ ਸਮਾਂ ਨਹੀਂ ਹੁੰਦਾ ਅਤੇ ਅੱਜ ਉਹ ਗੋਲਡ ਮੈਡਲ ਜਿੱਤਣ ਤੋਂ ਬਾਅਦ ਪਿੰਡ ਆਏ ਹਨ ਅਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਵਿਦੇਸ਼ ਨਾ ਜਾਣ। ਕਿਹਾ ਕਿ ਉਹ ਖੁਦ 10 ਸਾਲਾਂ ਤੋਂ ਅਮਰੀਕਾ ਵਿਚ ਰਹਿ ਕੇ ਆਏ ਹਨ। ਉੱਥੇ ਕੁਝ ਨਹੀਂ ਹੈ, ਉਹ ਉਥੋਂ ਵਾਪਸ ਆ ਕੇ ਇੱਥੇ ਕੋਚ ਬਣੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਇੱਥੇ ਖੇਡਾਂ ਵੱਲ ਧਿਆਨ ਦੇਣ ਤਾਂ ਉਹ ਕਾਫੀ ਅੱਗੇ ਜਾ ਸਕਦੇ ਹਨ।