ਮੋਗਾ: ਪੰਜਾਬ ਵਿੱਚ ਜਿੱਥੇ ਪ੍ਰਾਈਵੇਟ ਅਤੇ ਕਾਨਵੈਂਟ ਸਕੂਲਾਂ ਦਾ ਬੋਲਬਾਲਾ ਹੈ ਅਜਿਹੇ ਵਿੱਚ ਹੀ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਇਨ੍ਹਾਂ ਸਕੂਲਾਂ ਨੂੰ ਮਾਤ ਪਾ ਰਿਹਾ ਹੈ।
ਦਰਅਸਲ ਪਿੰਡ ਦੇ ਐਨਆਰਆਈ ਵੀਰਾਂ ਅਤੇ ਪਿੰਡ ਦੀਆਂ ਸਪੋਰਟਸ ਕਲੱਬਾਂ ਦੁਆਰਾ ਸਕੂਲ ਨੂੰ ਸੁੰਦਰੀਕਰਨ ਕਰਕੇ ਨਵਾਂ ਰੂਪ ਦਿੱਤਾ ਗਿਆ ਹੈ। ਸਕੂਲ ਵਿੱਚ ਬੱਚਿਆਂ ਦੇ ਪੀਣ ਲਈ ਆਰਓ ਵਾਟਰ ਜਨਰੇਟਰ ਲਾਇਬ੍ਰੇਰੀ ਅਤੇ ਗਣਿਤ ਪਾਰਕ ਬਣਾਇਆ ਗਿਆ ਹੈ, ਇਸ ਤੋਂ ਇਲਾਵਾ ਵਧੀਆ ਗਰਾਊਂਡ ਪਾਰਕ ਅਤੇ ਸਕੂਲ ਦੀ ਇਮਾਰਤ ਦੀਆਂ ਸਾਰੀਆਂ ਦੀਵਾਰਾਂ ਉੱਪਰ ਸੱਭਿਆਚਾਰ, ਕਲਾ ਅਤੇ ਜਾਣਕਾਰੀ ਵਿੱਚ ਵਾਧਾ ਕਰਨ ਵਾਲੀਆਂ ਚਿੱਤਰਕਾਰੀ ਵੀ ਬਣਾਈਆਂ ਗਈਆਂ ਹਨ।
ਸਕੂਲ ਦੇ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਆਪਣਾ ਅਤੇ ਪਿੰਡ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਸ ਸਕੂਲ ਵਿੱਚ ਕੁੱਲ 15 ਕਮਰੇ ਹਨ, ਜਿਸ ਵਿੱਚ ਪ੍ਰੀ ਨਰਸਰੀ ਤੋਂ ਲੈ ਕੇ ਪੰਜਵੀਂ ਕਲਾਸ ਤੱਕ 310 ਬੱਚੇ ਪੜ੍ਹਦੇ ਹਨ, ਇਸ ਤੋਂ ਇਲਾਵਾ ਸਕੂਲ ਦੇ ਵਿੱਚ 5 ਆਂਗਣਵਾੜੀ ਸੈਂਟਰ ਵੀ ਚੱਲਦੇ ਹਨ। ਸਕੂਲ ਦਾ ਸਟਾਫ਼ ਇੰਚਾਰਜ ਰਣਜੀਤ ਕੌਰ ਦੀ ਅਗਵਾਈ ਹੇਠ ਬੱਚਿਆਂ ਨੂੰ ਵਧੀਆ ਅਤੇ ਉੱਚ ਕੁਆਲਿਟੀ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਬੱਚਿਆਂ ਦੇ ਖਾਣ ਲਈ ਮਿਡ ਡੇ ਮੀਲ ਦੇ ਰਾਹੀਂ ਸਾਫ ਸੁਥਰੇ ਅਤੇ ਪੌਸ਼ਟਿਕ ਖਾਣੇ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਛੋਟੇ ਬੱਚਿਆਂ ਨੂੰ ਘਰੋਂ ਲਿਜਾਣ ਲਈ ਅਤੇ ਸਕੂਲ ਤੋਂ ਬਾਅਦ ਕਰੇ ਛੱਡਣ ਲਈ ਕਲੱਬ ਵੱਲੋਂ ਹੀ ਵਹੀਕਲਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਮਾਪੇ ਵੀ ਆਪਣੇ ਬੱਚਿਆਂ ਪ੍ਰਤੀ ਇਸ ਕਾਰਗੁਜ਼ਾਰੀ ਤੋਂ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਇਸ ਸਮੇਂ ਸਕੂਲ ਵਿੱਚ ਕੁੱਲ 7 ਅਧਿਆਪਕ ਸੇਵਾ ਨਿਭਾ ਰਹੇ ਹਨ ਅਤੇ ਸੈਂਟਰ ਮੁੱਖ ਅਧਿਆਪਕ ਦੀ ਸੀਟ ਖਾਲੀ ਹੈ। ਇਹ ਜਾਣਕਾਰੀ ਸਕੂਲ ਦੀ ਇੰਚਾਰਜ ਰਣਜੀਤ ਕੌਰ ਅਤੇ ਵੱਖ ਵੱਖ ਕਲਾਸਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਗੱਲਬਾਤ ਦੌਰਾਨ ਸਾਂਝੀ ਕੀਤੀ।
ਇਹ ਵੀ ਪੜੋ: ਹੈਦਰਾਬਾਦ ਮਹਿਲਾ ਡਾਕਟਰ ਦੇ ਬਲਾਤਕਾਰ-ਕਤਲ ਦੇ ਸਾਰੇ 4 ਮੁਲਜ਼ਮਾਂ ਦਾ ਐਨਕਾਉਂਟਰ
ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਸਕੂਲ ਵਿੱਚ ਸੈਂਟਰ ਮੁੱਖ ਅਧਿਆਪਕ ਦੀ ਪੋਸਟ ਨੂੰ ਜਲਦੀ ਤੋਂ ਜਲਦੀ ਭਰਿਆ ਜਾਣਾ ਚਾਹੀਦਾ ਹੈ ।