ਸ੍ਰੀ ਮੁਕਤਸਰ ਸਾਹਿਬ: ਅੱਜ ਦੁਪਹਿਰ ਸਮੇ ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਵੱਲ ਜਾ ਰਹੀ ਇਕ ਪੰਜਾਬ ਰੋਡਵੇਜ਼ ਦੀ ਬੱਸ ਮਲੋਟ ਦੇ ਨਜ਼ਦੀਕ ਪਿੰਡ ਮਹਿਰਾਜ ਵਾਲਾ ਕੋਲ ਇਕ ਟਰਾਲੇ ਵਲੋਂ ਫੇਟ ਮਾਰੇ ਜਾਣ ਕਾਰਨ ਪਲਟ ਗਈ। ਜਿਸ ਵਿਚ ਡਰਾਈਵਰ ਅਤੇ ਕੰਡਾਕਟਰ ਸਮੇਤ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀਆਂ ਦੱਸੀਆਂ ਜਾ ਰਹੀ ਹਨ, ਜਿਨ੍ਹਾਂ ਵਿਚੋਂ 8 ਨੂੰ ਸਿਵਲ ਹਸਪਤਾਲ ਮਲੋਟ ਵਿਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਆਸ-ਪਾਸ ਦੇ ਲੋਕ ਵੀ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਸੂਚਨਾ ਮਿਲਣ 'ਤੇ ਉਪ ਮੰਡਲ ਮਜਿਸਟਰੇਟ ਡਾਕਟਰ ਸੰਜੀਵ ਕੁਮਾਰ ਜ਼ਖਮੀਆਂ ਦਾ ਹਾਲ ਜਾਨਣ ਲਈ ਪਹੁੰਚੇ ਹਨ। ਜਿੰਨ੍ਹਾਂ ਨੇ ਕਿਹਾ ਕਿ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ।
ਰੋਡਵੇਜ਼ ਦੀ ਸਰਕਾਰੀ ਬੱਸ ਬੇਕਾਬੂ ਹੋ ਕੇ ਪਲਟੀ
ਦੱਸ ਦਈਏ ਕਿ ਇਹ ਹਾਦਸਾ ਮਹਿਰਾਜ ਵਾਲਾ ਨੇੜੇ ਮੰਗਲਵਾਰ ਦੁਪਹਿਰ ਕਰੀਬ 2 ਵਜੇ ਹੋਇਆ। ਜਦੋਂ ਮੁਕਤਸਰ ਤੋਂ ਅਬੋਹਰ ਜਾ ਰਹੀ ਮੁਕਤਸਰ ਡਿਪੂ ਦੀ ਪੰਜਾਬ ਰੋਡਵੇਜ਼ ਦੀ ਸਰਕਾਰੀ ਬੱਸ ਬੇਕਾਬੂ ਹੋ ਕੇ ਸੜਕ ਕੰਢੇ ਪਲਟ ਗਈ ਅਤੇ ਖੇਤਾਂ ਵਿੱਚ ਜਾ ਡਿੱਗੀ। ਚਸ਼ਮਦੀਦਾਂ ਮੁਤਾਬਕ ਇਹ ਹਾਦਸਾ ਉਥੋਂ ਲੰਘ ਰਹੇ ਇੱਕ ਟਰਾਲੇ ਦੀ ਸਾਈਡ ਲੱਗਣ ਨਾਲ ਹੋਇਆ ਜਿਸ ਨਾਲ ਬੱਸ ਬੇਕਾਬੂ ਹੋ ਕੇ ਖੇਤਾਂ ਵਿਚ ਜਾ ਪਲਟੀ। ਬੱਸ ਪਲਟਦੇ ਹੋਏ ਖੇਤਾਂ ਦੇ ਕੋਲ ਦਰੱਖਤ ਨਾਲ ਜਾ ਟਕਰਾਈ। ਇਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।

ਡਰਾਈਵਰ ਦਾ ਕਹਿਣਾ ਹੈ ਕਿ 'ਉਹ ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਵੱਲ ਜਾ ਰਹੇ ਸੀ। ਉਨ੍ਹਾਂ ਨੇ ਦੱਸਿਆ ਕਿ ਉਹ 1:30 ਵਜੇ ਦੇ ਕਰੀਬ ਮੁਕਤਸਰ ਸਾਹਿਬ ਤੋਂ ਚੱਲੇ ਸੀ। ਡਰਾਈਵਰ ਦੇ ਦੱਸਣ ਮੁਤਾਬਕ ਬੱਸ ਵਿੱਚ 80 ਦੇ ਕਰੀਬ ਸਵਾਰੀਆਂ ਸਨ। ਉਨ੍ਹਾਂ ਨੇ ਬੱਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਗਰ ਟਰਾਲਾ ਆ ਰਿਹਾ ਸੀ ਤੇ ਸ਼ਾਇਦ ਉਹ ਨੀਂਦ ਵਿੱਚ ਸੀ, ਜਿਸ ਕਾਰਨ ਟਰਾਲੇ ਨੇ ਬੱਸ ਦੇ ਮਗਰਲੇ ਪਾਸੇ ਫੇਟ ਮਾਰ ਦਿੱਤੀ।'
ਦੂਜੇ ਪਾਸੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਚੇਅਰਮੈਨ ਕਮਲ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਟਰਾਲੇ ਦੀ ਸਾਈਡ ਵੱਜਣ ਕਾਰਨ ਵਾਪਰਿਆ ਹੈ। ਲੋਕਾਂ ਨੇ ਟਰਾਲੇ ਦੇ ਡਰਾਈਵਰ ਨੂੰ ਮੌਕੇ ‘ਤੇ ਕਾਬੂ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਰਾਹਤ ਅਤੇ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ।

ਭਿਆਨਕ ਸੜਕ ਹਾਦਸਾ
ਦੱਸ ਦਈਏ ਕਿ ਅੱਜ ਤੜਕਸਾਰ ਇਸ ਹਾਦਸੇ ਤੋਂ ਪਹਿਲਾਂ ਇੱਕ ਹੋਰ ਨਿੱਜੀ ਬੱਸ ਨਾਲ ਹਾਦਸਾ ਵਾਪਰਿਆ ਹੈ। ਉਹ ਬੱਸ ਕੋਟਕਪੂਰਾ ਤੋਂ ਫ਼ਰੀਦਕੋਟ ਆ ਰਹੀ ਸੀ ਅਤੇ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ ਅਤੇ ਟੱਕਰ ਤੋਂ ਬਾਅਦ ਬੱਸ ਰੇਲਿੰਗ ਤੋੜ ਕੇ ਸੇਮ ਨਾਲੇ ਵਿੱਚ ਜਾ ਡਿੱਗੀ, ਜਿਸ ਨਾਲ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਮੌਕੇ ’ਤੇ ਪਹੁੰਚਿਆ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਫਿਲਹਾਲ ਬੱਸ ਨੂੰ ਨਾਲੇ ਵਿੱਚੋਂ ਕੱਢ ਲਿਆ ਗਿਆ ਹੈ। ਹਾਦਸੇ ਸਮੇਂ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਹੋ ਗਏ ਸਨ। ਇਨ੍ਹਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੌਰਾਨ 20 ਤੋਂ ਵੱਧ ਲੋਕਾਂ ਦੀ ਜਾਨ ਬਚਾਈ ਗਈ ਹੈ, ਜਦਕਿ 2 ਗੰਭੀਰ ਜਖ਼ਮੀ ਹਨ।