ਮੋਗਾ:ਝੋਨੇ ਦੀ ਕਟਾਈ ਸ਼ੁਰੂ ਹੋਣ ਦੇ ਨਾਲ ਹੀ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਇਸੇ ਦੇ ਸਬੰਧ ਵਿੱਚ ਈਟਵੀ ਭਾਰਤ ਦੀ ਟੀਮ ਵੱਲੋਂ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ। ਜਿੱਥੇ ਅਸੀਂ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਤੋਂ ਮੰਡੀਆਂ ਦੀ ਹਾਲਤ ਬਾਰੇ ਜਾਣਿਆ।
ਝੋਨਾਂ ਲੈ ਕੇ ਆਏ ਕਿਸਾਨਾਂ ਕਹਿਣਾ ਕਿ ਸਰਕਾਰ ਵੱਲੋਂ 17 ਪ੍ਰਤੀਸ਼ਤ ਨਮੀ ਵਾਲਾ ਝੋਨਾ ਹੀ ਖ਼ਰੀਦਿਆ ਜਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਮੰਡੀਆਂ ਵਿਚ ਬੈਠਣਾ ਪੈਂਦਾ ਹੈ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ 20 ਪ੍ਰਤੀਸ਼ਤ ਨਮੀ ਤੱਕ ਵਾਲਾ ਝੋਨਾ ਖਰੀਦਣ ਦੀ ਛੋਟ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ।
ਉੱਥੇ ਹੀ ਮਜ਼ਦੂਰਾਂ ਦਾ ਕਹਿਣਾ ਸੀ ਕਿ ਕਿਸਾਨ ਮੰਡੀ ਵਿੱਚ ਝੋਨਾ ਸੁੱਕਾ ਹੀ ਲੈ ਕੇ ਆਉਣ ਕਿਉਂਕਿ ਮੰਡੀ ਵਿੱਚ ਝੋਨੇ ਨੂੰ ਖਿਲਾਰ ਕੇ ਸੁਕਾਉਣਾ ਪੈਂਦਾ ਹੈ ਜਿਸ ਦੀ ਮਜ਼ਦੂਰੀ ਉਨ੍ਹਾਂ ਨੂੰ ਨਹੀਂ ਮਿਲਦੀ। ਮਜ਼ਦੂਰਾਂ ਨੇ ਮੰਗ ਕੀਤੀ ਹੈ ਕਿ ਜੇ ਉਨ੍ਹਾਂ ਤੋਂ ਝੋਨਾ ਖਿਲਾਰ ਕੇ ਸੁਕਾਉਣਾ ਹੈ ਤਾਂ ਉਨ੍ਹਾਂ ਨੂੰ ਇਸ ਦੀ ਮਜ਼ਦੂਰੀ ਵੀ ਮਿਲਣੀ ਚਾਹੀਦੀ ਹੈ।
ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਸਵਰਨਜੀਤ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਕਿਸਾਨਾਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ 17 ਪ੍ਰਤੀਸ਼ਤ ਨਮੀ ਵਾਲਾ ਝੋਨਾ ਖ਼ਰੀਦ ਏਜੰਸੀਆਂ ਖ਼ਰੀਦ ਕਰ ਰਹੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲੈ ਕੇ ਆਉਣ ।
ਇਹ ਵੀ ਪੜੋ: NBSA ਨੇ ਜਾਰੀ ਕੀਤੀਆਂ ਅਯੁੱਧਿਆ ਮਾਮਲੇ ਦੀ ਕਵਰੇਜ਼ ਬਾਰੇ ਹਿਦਾਇਤਾਂ
ਉੱਥੇ ਹੀ ਆੜ੍ਹਤੀਆਂ ਦਾ ਕਹਿਣਾ ਸੀ ਕਿ ਖਰੀਦ ਏਜੰਸੀਆਂ ਦੀ ਸੁਸਤ ਕਾਰਵਾਈ ਕਰਕੇ ਹੀ ਥੋੜ੍ਹੀ ਬਹੁਤ ਖ਼ਰੀਦ ਵਿੱਚ ਦੇਰੀ ਹੋ ਰਹੀ ਹੈ ਇਸ ਤੋਂ ਇਲਾਵਾ ਮੰਡੀ ਵਿੱਚ ਪੂਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਵੇਰੇ 9 ਵਜੇ ਤੋਂ ਪਹਿਲਾਂ ਅਤੇ ਸ਼ਾਮ ਨੂੰ 6 ਵਜੇ ਤੋਂ ਬਾਅਦ ਕੰਬਾਈਨ ਦੁਆਰਾ ਝੋਨੇ ਦੀ ਕਟਾਈ ਨਾ ਕਰਵਾਈ ਜਾਵੇ। ਮੰਡੀ ਵਿੱਚ ਸੁੱਕਾ ਝੋਨਾ ਹੀ ਲਿਆਂਦਾ ਜਾਵੇ ਤਾਂ ਜੋ ਖਰੀਦ ਏਜੰਸੀਆਂ ਨੂੰ ਅਤੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।