ਮੋਗਾ: ਅੱਜ ਵਿਸ਼ਵ ਟੀ.ਬੀ. ਦਿਵਸ ਮੋਕੇ ਦੇਸ਼ ਦੀ ਰਾਜਧਾਨੀ ਵਿਖੇ ਹੋਏ ਇੱਕ ਸਮਾਗਮ ਵਿੱਚ ਪੰਜਾਬ ਦੇ ਚਾਰ ਹੋਰ ਜ਼ਿਲ੍ਹਿਆਂ ਸਮੇਤ ਜ਼ਿਲ੍ਹਾ ਮੋਗਾ ਟੀ.ਬੀ. ਦੇ ਵਧੀਆ ਇਲਾਜ਼ ਲਈ ਕਾਂਸੀ ਦੇ ਤਗਮੇ ਨਾਲ ਸਨਮਾਨਿਆ ਗਿਆ। ਇਸ ਉਪਲਬਧੀ ਲਈ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਯੀਅਰ ਨੇ ਸਿਹਤ ਵਿਭਾਗ ਮੋਗਾ ਦੇ ਟੀ.ਬੀ. ਦੀ ਬਿਮਾਰੀ ਦੇ ਇਲਾਜ਼ ਅਤੇ ਜਾਂਚ ਕਰਨ ਵਾਲੇ ਸਮੂਹ ਸਿਹਤ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ।
ਅੱਜ ਵਿਸ਼ਵ ਟੀ.ਬੀ. ਦਿਵਸ ਮੋਕੇ ਸਿਵਲ ਹਸਪਤਾਲ ਮੋਗਾ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕਲੇਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਾਲ 2025 ਤੱਕ ਟੀ.ਬੀ. ਦੇ ਖਾਤਮੇ ਦਾ ਟੀਚਾ ਮਿੱਥਿਆ ਹੈ। ਇਸੇ ਕੜੀ ਵੱਜੋ ਪਿਛਲੇ ਦਿਨੀ 21 ਫਰਵਰੀ 2022 ਤੋ 13 ਮਾਰਚ 2022 ਤੱਕ ਪੁਰੇ ਦੇਸ਼ ਵਿੱਚ 200 ਦੇ ਕਰੀਬ ਜ਼ਿਲ੍ਹਿਆਂ ਦਾ ਵਿਸ਼ਵ ਸਿਹਤ ਸੰਸਥਾ, ਆਈ.ਸੀ.ਐਮ.ਆਰ., ਕੇਂਦਰੀ ਟੀ.ਬੀ. ਡਵੀਜ਼ਨ ਆਦਿ ਸੰਸਥਾਵਾਂ ਰਾਹੀ ਸਰਵੇਖਣ ਕਰਵਾਇਆ ਗਿਆ। ਉਹਨਾਂ ਇਸ ਸਰਵੇਖਣ ਦੌਰਾਨ ਵਧੀਆ ਕੰਮ ਕਰਨ ਵਾਲੇ ਸਿਹਤ ਕਰਮਚਾਰੀਆਂ ਅਤੇ ਵਲੰਟੀਅਰਾਂ ਦਾ ਸਨਮਾਨ ਵੀ ਕੀਤਾ।
![ਭਾਰਤ ਸਰਕਾਰ ਵੱਲੋ ਜ਼ਿਲ੍ਹਾ ਮੋਗਾ ਦਾ ਟੀ.ਬੀ. ਵਿਭਾਗ ਕੀਤਾ ਸਨਮਾਨਿਤ](https://etvbharatimages.akamaized.net/etvbharat/prod-images/pb-moga-06-tbdepartment-pbc10070_24032022182713_2403f_1648126633_38.jpg)
ਜ਼ਿਲ੍ਹਾ ਟੀ.ਬੀ. ਅਫਸਰ ਡਾ. ਇੰਦਰਵੀਰ ਗਿੱਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਰਵੇਖਣ ਦੇ ਨਾਲ-ਨਾਲ ਸਾਲ 2015 ਤੋ 2021 ਤੱਕ ਜ਼ਿਲ੍ਹੇ ਦੀਆਂ ਜਨਤਕ ਅਤੇ ਨਿੱਜੀ ਸਿਹਤ ਸੰਸਥਾਵਾਂ ਦੀ ਮੁਕੰਮਲ ਕਾਰਗੁਜਾਰੀ ਦਾ ਮੁਲੰਕਣ ਕੀਤਾ ਗਿਆ। ਸਰਵੇ ਸੰਸਥਾਵਾਂ ਦੀ ਵਿਆਪਕ ਰਿਪੋਰਟ ਦੇ ਅਧਾਰ ਤੇ ਜ਼ਿਲ੍ਹੇ ਵਿੱਚ ਟੀ.ਬੀ. ਦੇ ਨਵੇ ਮਰੀਜ਼ਾਂ ਗਿਣਤੀ ਵਿੱਚ ਮਹੱਤਵਪੂਰਨ ਕਮੀ ਪਾਈ ਗਈ ਹੈ ਤੇ ਮੋਗਾ ਜ਼ਿਲ੍ਹਾ ਕਾਂਸੀ ਦੇ ਤਗਮੇ ਦਾ ਦਾਵੇਦਾਰ ਐਲਾਨਿਆ ਗਿਆ।
ਉਹਨਾਂ ਕਿਹਾ ਕਿ ਇਹ ਉਪਲਬਧੀ ਸਮੁਚੇ ਡਾਕਟਰਾਂ, ਸਿਹਤ ਮੁਲਾਜਮਾਂ ਅਤੇ ਆਸ਼ਾ ਦੇ ਟੀਮ ਵਰਕ ਅਤੇ ਟੀਬੀ ਦੇ ਮਰੀਜ਼ਾਂ ਪ੍ਰਤੀ ਸੁਹਿਰਦਤਾ ਕਰਕੇ ਹੀ ਸੰਭਵ ਹੋ ਸਕਿਆ ਹੈ। ਉਹਨਾਂ ਆਪਣੇ ਵੱਲੋ ਇਸ ਮੌਕੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਿਹਤ ਵਿਭਾਗ ਵੱਲੋ ਟੀ.ਬੀ. ਨੂੰ ਸਾਲ 2025 ਤੱਕ ਖਾਤਮੇ ਦੇ ਮਿੱਥੇ ਟੀਚੇ ਨੂੰ ਪੁਰਾ ਕਰਨ ਲਈ ਸਿਰ ਤੋੜ ਜਤਨ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਜਸਜੀਤ ਕੌਰ ਐਮ.ਓ ਡੀ.ਟੀ.ਸੀ., ਡਾ. ਸਿਮਰਨ, ਅਸ਼ਵਨੀ ਭਾਰਦਵਾਜ਼ (ਵਰਲਡ ਵਿਜ਼ਨ, ਸਮੂਹ ਐਸ.ਟੀ.ਐਸ., ਵਲੰਟੀਅਰ, ਟੀ.ਬੀ. ਚੈਂਪੀਅਨ ਅਤੇ ਆਸ਼ਾ ਵਰਕਰ ਸ਼ਾਮਲ ਸਨ।
ਇਹ ਵੀ ਪੜ੍ਹੋ: ਰਾਜ ਸਭਾ 'ਚ ਆਮ ਆਦਮੀ ਪਾਰਟੀ ਦਾ ਕਲੀਨ ਸਵੀਪ