ਮੋਗਾ: ਬੀਤੇ ਦਿਨ ਮੋਗਾ ਬਾਈਪਾਸ ਦੇ ਪੁਲ ਉੱਪਰੋਂ ਇੱਕ ਨੌਜਵਾਨ ਕੁੜੀ ਨੇ ਛਾਲ ਮਾਰ ਦਿੱਤੀ ਸੀ, ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਗੰਭੀਰ ਰੂਪ ਵਿੱਚ ਜ਼ਖ਼ਮੀ ਕੁੜੀ ਜੋਤੀ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਮੰਗਲਵਾਰ ਨੂੰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਨੌਜਵਾਨ ਵਿਰੁੱਧ ਕੇਸ ਦਰਜ ਕੀਤਾ ਹੈ।
ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਘਰ ਕੋਲ ਹੀ ਰਹਿੰਦੇ ਇੱਕ ਇੰਦਰਜੀਤ ਸਿੰਘ ਨਾਂਅ ਦੇ ਨੌਜਵਾਨ ਵਿਰੁੱਧ ਦੋਸ਼ ਲਾਇਆ ਹੈ ਕਿ ਉਹ ਕੁੜੀ ਨੂੰ ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਜਿਸ ਦੇ ਚਲਦਿਆਂ ਕੁੜੀ ਨੇ ਇਹ ਕਦਮ ਚੁੱਕਿਆ।
ਜਾਣਕਾਰੀ ਦਿੰਦੇ ਹੋਏ ਲੜਕੀ ਦੇ ਭਰਾ ਨੇ ਕਿਹਾ ਕਿ ਉਸਦੀ ਭੈਣ ਜੋਤੀ ਸੋਮਵਾਰ ਨੂੰ ਸਵੇਰੇ 11 ਵਜੇ ਘਰੋਂ ਪੈਸੇ ਲੈ ਕੇ ਮੋਗੇ ਵੱਲ ਨੂੰ ਆਈ ਸੀ। ਉਸ ਨੇ ਦੱਸਿਆ ਕਿ ਜੋਤੀ ਘਰੇ ਇਹ ਕਹਿ ਕੇ ਆਈ ਸੀ ਕਿ ਉਹ ਕੰਮ ਦੀ ਭਾਲ ਲਈ ਜਾ ਰਹੀ ਹੈ। ਇਸਤੋਂ ਇਲਾਵਾ ਜੋਤੀ ਨੇ ਹੋਰ ਕੁੱਝ ਨਹੀਂ ਦੱਸਿਆ ਅਤੇ ਇੱਥੇ ਪੁੱਜ ਕੇ ਉਸ ਨੇ ਮੋਗਾ ਬਾਈਪਾਸ ਪੁਲ ਤੋਂ ਛਾਲ ਮਾਰ ਦਿੱਤੀ। ਉਸ ਨੇ ਦੱਸਿਆ ਕਿ ਉਸਦੀ ਭੈਣ ਘਰ ਦੇ ਨੇੜੇ ਰਹਿੰਦੇ ਇੱਕ ਲੜਕੇ ਤੋਂ ਪ੍ਰੇਸ਼ਾਨ ਸੀ, ਜੋ ਉਸ ਨੂੰ ਤੰਗ ਕਰਦਾ ਸੀ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਜਾਂਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਕੁੜੀ ਨੇ ਪੁਲ ਤੋਂ ਛਾਲ ਮਾਰ ਦਿੱਤੀ ਹੈ। ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਲੜਕੀ ਦੀ ਹਾਲਤ ਬਹੁਤ ਗੰਭੀਰ ਸੀ, ਜਿਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਕਿ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀ ਨੌਜਵਾਨ ਵਿਰੁੱਧ ਕੇਸ ਦਰਜ ਕਰ ਲਿਆ ਅਤੇ ਭਾਲ ਕੀਤੀ ਜਾ ਰਹੀ ਹੈ।