ਮੋਗਾ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇੱਥੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ ਕਿ, ਇੱਕ ਦੇਸ਼ ਦੂਜੇ ਦੇਸ਼ ਉੱਤੇ ਪਾਬੰਦੀਆਂ ਲਗਾਉਂਦਾ ਤਾਂ ਕਈ ਵਾਰ ਦੇਖਿਆ ਹੈ ਪਰ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਲੋਕਤੰਤਰ ਵਿੱਚ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਹੀ ਦੇਸ਼ ਦੀ ਸਟੇਟ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਹੋਣ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਰੁੱਧ ਬਦਲਾਖੋਰੀ ਦੀ ਨੀਤੀ ਨਾਲ ਚੱਲ ਰਹੇ ਹਨ। ਜਿਸ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਪਹਿਲਾਂ ਦਿੱਤੇ ਫੰਡਾਂ ਦਾ ਹਿਸਾਬ ਮੰਗਦਿਆਂ ਪੰਜਾਬ ਨੂੰ ਦਿੱਤੇ ਜਾਣ ਵਾਲੇ ਦਿਹਾਤੀ ਵਿਕਾਸ ਫ਼ੰਡ ਉੱਤੇ ਰੋਕ ਲਗਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਨੂੰ ਸ਼ੱਕ ਹੈ ਕਿ ਇਨ੍ਹਾਂ ਫ਼ੰਡਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਧਾਂਦਲੀ ਹੋਈ ਹੈ ਤਾਂ ਉਹ ਇਸ ਦੀ ਜਾਂਚ ਕਿਸੇ ਵੀ ਕੇਂਦਰੀ ਏਜੰਸੀ ਤੋਂ ਕਰਵਾ ਲੈਂਦੇ ਪਰ ਫ਼ੰਡ ਰੋਕਣ ਦਾ ਕੋਈ ਮਤਲਬ ਨਹੀਂ ਬਣਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੋਲੀ ਹੋਲੀ ਦੇਸ਼ ਨਾਲੋਂ ਕੱਟਿਆ ਜਾ ਰਿਹਾ ਹੈ। ਪੰਜਾਬ ਤੋਂ ਕੰਮ ਲੈ ਕੇ 'ਮੋਲੇ ਬਲਦ' ਵਾਂਗੂ ਛੱਡਿਆ ਜਾ ਰਿਹਾ ਹੈ। ਪਹਿਲਾਂ ਪੰਜਾਬ ਨੂੰ ਹਰੀ ਕਾਂਤੀ ਦੇ ਨਾਂਅ ਉੱਤੇ ਵਰਤਿਆ ਗਿਆ ਤੇ ਜਦੋਂ ਹੁਣ ਪੰਜਾਬ ਨੇ ਧਰਤੀ ਹੇਠਲਾ ਪਾਣੀ ਗੁਆ ਲਿਆ ਹੈ ਤੇ ਮਾਰੂਥਲ ਬਣਨ ਦੀ ਕਗਾਰ ਉੱਤੇ ਹੈ ਤਾਂ ਹੁਣ ਪੰਜਾਬ ਦੀ ਬਾਤ ਨਹੀਂ ਪੁੱਛੀ ਜਾ ਰਹੀ।
ਉਨ੍ਹਾਂ ਨੇ ਕਿਹਾ ਕਿ ਜੋ ਖੇਤੀ ਕਾਨੂੰਨਾਂ ਖਿਲਾਫ਼ ਕੈਪਟਨ ਅਮਰਿੰਦਰ ਸਿੰਘ ਵੱਲੋਂ 3 ਬਿਲ ਪਾਸ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਦਾ ਸਿਰਫ਼ ਨਾਂਅ ਬਦਲ ਕੇ ਸੋਧ ਬਿਲ ਕਰ ਦਿੱਤਾ ਗਿਆ ਹੈ ਤੇ ਇਸ ਨਾਲ ਕੈਪਟਨ ਅਮਰਿੰਦਰ ਸਿੰਘ ਵੱਲੋ ਚੀਚੀ ਨੂੰ ਖੂਨ ਲਗਾ ਕੇ ਆਪਣੇ ਆਪ ਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੁੰਦੇ ਹਨ।
ਇਸ ਮੌਕੇ ਉਨ੍ਹਾਂ ਨੇ ਪਿੰਡ ਦੀ ਗਰਾਮ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਮਤਾ ਵੀ ਪਾਸ ਕਰਵਾਇਆ ਤੇ ਇਸ ਗਰਾਮ ਸਭਾ ਦੇ ਮਤਿਆਂ ਨੂੰ ਕਾਨੂੰਨੀ ਕਾਰਵਾਈ ਲਈ ਫ਼ਾਇਦੇਮੰਦ ਦੱਸਿਆ।