ਮੋਗਾ: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਰੱਖੇ ਗਏ ਅਖੰਡ ਪਾਠਾਂ ਦੇ ਭੋਗ ਤੋਂ ਬਾਅਦ ਅਰਦਾਸ ਸਮੇਂ ਹਵਾਈ ਫਾਇਰਿੰਗ ਕੀਤੀ ਗਈ ਸੀ। ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਿੰਘ ਸਾਹਿਬ ਬਾਣੇ ਵਿੱਚ ਹਨ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਨ ਦੇ ਦੌਰਾਨ ਜੈਕਾਰੇ ਲਗਾ ਕੇ ਹਵਾਈ ਫਾਇਰ ਕਰ ਰਹੇ ਹਨ।
ਇਸ ਵੀਡੀਓ ਦੇ ਸੰਬੰਧ ਵਿੱਚ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ, ਪਰ ਸਭ ਕੁਝ ਪਤਾ ਕਰਨ 'ਤੇ ਇਹ ਸੱਚ ਸਾਹਮਣੇ ਆਇਆ ਹੈ ਕਿ ਇਹ ਘਟਨਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਦੀ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਤਖ਼ਤੂਪੁਰਾ ਦੇ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ 13 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਰਦਾਸ ਹੋਈ। ਅਰਦਾਸ ਦੇ ਦੌਰਾਨ ਗ੍ਰੰਥੀ ਸਿੰਘ ਵੱਲੋਂ ਗੁਰੂ ਸਾਹਿਬ ਨੂੰ ਸਲਾਮੀ ਦੇਣ ਵਜੋਂ ਇਹ ਫਾਇਰ ਹਵਾ ਵਿੱਚ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਫਾਇਰਾਂ ਨਾਲ ਕਿਸੇ ਦਾ ਵੀ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਅਤੇ ਇਹ ਫਾਇਰ ਕਰਨ ਦੇ ਵਿੱਚ ਉਨ੍ਹਾਂ ਦੀ ਕੋਈ ਮਾੜੀ ਮਨਸ਼ਾ ਨਹੀਂ ਸੀ, ਸਗੋਂ ਉਨ੍ਹਾਂ ਨੇ ਆਪਣੇ ਦਿਲ ਦੀ ਖੁਸ਼ੀ ਨੂੰ ਇਜ਼ਹਾਰ ਕਰਨ ਲਈ ਅਜਿਹਾ ਕੀਤਾ।
ਇਹ ਵੀ ਪੜ੍ਹੋ: ਦੁਨੀਆ ਘੁੰਮਣੀ ਹੈ ਤਾਂ ਅੰਗ੍ਰੇਜੀ ਆਉਣੀ ਲਾਜ਼ਮੀ ਹੈ: ਗੁਰਦਾਸ ਮਾਨ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਜੋ ਵੀ ਕੀਤਾ ਉਹ ਆਪਣੇ ਦਿਲ ਦੀ ਖੁਸ਼ੀ ਨੂੰ ਜ਼ਾਹਿਰ ਕਰਨ ਲਈ ਕੀਤਾ ਹੈ। ਜੇਕਰ ਇਸ ਦੇ ਨਾਲ ਕੋਈ ਕਾਨੂੰਨ ਦੀ ਉਲੰਘਣਾ ਹੋਈ ਹੈ ਜਾਂ ਕਿਸੇ ਨੂੰ ਲੱਗਿਆ ਹੈ ਕਿ ਅਜਿਹਾ ਗ਼ਲਤ ਹੈ ਤਾਂ ਉਹ ਕਿਸੇ ਵੀ ਕਿਸਮ ਦੀ ਕਾਰਵਾਈ ਲਈ ਤਿਆਰ ਹਨ।