ਮੋਗਾ: ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਵਿੱਚ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤੀ ਨਾਲ ਫੈਸਲੇ ਲਏ ਹਨ। ਫੈਸਲੇ ਅਨੁਸਾਰ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫ਼ਿਊ ਲਾਗੂ ਰਹੇਗਾ, ਜਦਕਿ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਬੰਦ ਰਹੇਗਾ। ਪੰਜਾਬ ਸਰਕਾਰ ਦੇ ਇਨ੍ਹਾਂ ਫੈਸਲਿਆਂ ਦਾ ਆਮ ਲੋਕਾਂ ਉਪਰ ਕੀ ਅਸਰ ਪਵੇਗਾ, ਇਸ ਬਾਰੇ ਲੋਕਾਂ ਦੇ ਵੱਖ-ਵੱਖ ਵਿਚਾਰ ਹਨ।
ਗੱਲਬਾਤ ਦੌਰਾਨ ਬਲਰਾਜ ਸਿੰਘ ਨਾਂਅ ਦੇ ਵਿਅਕਤੀ ਨੇ ਕਿਹਾ ਕਿ ਫੈਸਲਾ ਕੋਈ ਬਹੁਤ ਵਧੀਆ ਨਹੀਂ ਕਿਹਾ ਜਾ ਸਕਦਾ ਕਿਉਂਕਿ ਲੋਕਾਂ ਦਾ ਕੰਮ ਪਹਿਲਾਂ ਹੀ ਬਹੁਤ ਮੁਸ਼ਕਿਲ ਨਾਲ ਲੀਹ 'ਤੇ ਆਇਆ ਹੈ। ਉਨ੍ਹਾਂ ਕਿਹਾ ਹਾਲਾਂਕਿ ਸਰਕਾਰ ਲੋਕਾਂ ਦੀ ਸਿਹਤ ਦਾ ਧਿਆਨ ਰੱਖ ਰਹੀ ਹੈ ਪਰ ਸਰਕਾਰ ਨੂੰ ਕੰਮ ਬੰਦ ਕਰਨ ਨਾਲੋਂ ਘਰਾਂ ਵਿੱਚੋਂ ਬਿਨਾਂ ਕੰਮ ਲਈ ਨਿਕਲਦੇ ਲੋਕਾਂ 'ਤੇ ਸਖ਼ਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਫੈਲਣ ਦਾ ਕਾਰਨ ਸਰਕਾਰ ਦੀ ਢਿੱਲ ਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾਲ ਰੋਜ਼ਾਨਾ ਕੰਮ ਕਰਨ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਹੋਵੇਗੀ।
ਵਰਕਸ਼ਾਪ ਚਲਾ ਰਹੇ ਮੇਜਰ ਸਿੰਘ ਨੇ ਤਾਲਾਬੰਦੀ ਬਾਰੇ ਕਿਹਾ ਕਿ ਭਾਵੇਂ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਨਾਗਰਿਕਾਂ ਦਾ ਧਿਆਨ ਰੱਖੇ ਪਰ ਲੋਕਾਂ ਦੀ ਰੋਜ਼ੀ ਰੋਟੀ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲੌਕਡਾਊਨ ਕਾਰਨ ਲੋਕਾਂ ਦਾ ਲੱਕ ਟੁੱਟਿਆ ਹੋਇਆ ਹੈ, ਪਰ ਸਰਕਾਰ ਵੱਲੋਂ ਸਹੂਲਤ ਕੋਈ ਨਹੀਂ ਮਿਲ ਰਹੀ ਹੈ। ਜੇਕਰ ਲੌਕਡਾਊਨ ਲਗਾਉਣਾ ਹੀ ਹੈ ਤਾਂ ਸਰਕਾਰ ਉਨ੍ਹਾਂ ਨੂੰ ਕੋਈ ਸਹੂਲਤ ਵੀ ਦੇਵੇ।
ਇੱਕ ਹੋਰ ਦੁਕਾਨਦਾਰ ਨੇ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਵੱਲੋਂ ਲਾਇਆ ਲੌਕਡਾਊਨ ਬਹੁਤ ਹੀ ਗ਼ਲਤ ਹੈ, ਪਰ ਲਾਉਣਾ ਵੀ ਚਾਹੀਦਾ ਹੈ। ਉਸ ਨੇ ਕਿਹਾ ਕਿ ਸ਼ਨੀਵਾਰ ਤੇ ਐਤਵਾਰ ਹੀ ਦਿਨ ਸਨ, ਜਿਹੜੇ ਕਮਾਈ ਦੇ ਸਨ। ਕਾਰ ਬਾਜ਼ਾਰ ਦਾ ਕੰਮ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਖ਼ਤੀ ਕਰੇ ਪਰ ਕਿਸੇ ਪੱਧਰ 'ਤੇ ਕਰੇ, ਜਿਥੇ ਕਰਨੀ ਚਾਹੀਦੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਲੌਕਡਾਊਨ ਲਾਉਣਾ ਭਾਵੇਂ ਠੀਕ ਹੈ ਪਰ ਸਰਕਾਰ ਉਨ੍ਹਾਂ ਨੂੰ ਸਹੂਲਤ ਵੀ ਦੇਵੇ ਕਿਉਂਕਿ ਜੇਕਰ ਲੌਕਡਾਊਨ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਉਹ ਕੀ ਕਰਨਗੇ?