ਮੋਗਾ: ਸੂਬੇ ਵਿੱਚ ਕਿਸਾਨਾਂ ਵੱਲੋਂ ਬੈਂਕਾਂ ਦਾ ਲਗਾਤਾਰ ਘਿਰਾਓ ਘਰ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਹੀ ਤਰ੍ਹਾਂ ਅੱਜ ਪਿੰਡ ਕੋਕਰੀ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਦੀ ਅਗਵਾਈ ਹੇਠ ਪੰਜਾਬ ਐਂਡ ਸਿੰਧ ਬੈਂਕ ਅੱਗੇ ਸੈਕੜੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ।
ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਬੈਂਕਾਂ ਅੱਗੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨਾਂ ਦਾ ਇਲਜ਼ਾਮ ਹੈ ਕਿ ਬੈਂਕਾਂ ਤੋਂ ਕਰਜ਼ਾ ਲੈਣ ਸਮੇਂ ਉਨ੍ਹਾਂ ਤੋਂ ਖਾਲੀ ਚੈੱਕ 'ਤੇ ਦਸਖ਼ਤ ਕਰਵਾਏ ਜਾਂਦੇ ਹਨ ਪਰ ਕਰਜ਼ੇ ਦੀ ਅਦਾਇਗੀ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਖਾਲੀ ਚੈੱਕ ਵਾਪਸ ਨਹੀਂ ਦਿੱਤੇ ਜਾਂਦੇ। ਇਸ ਲਈ ਕਿਸਾਨਾਂ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਸੀ ਕਿ ਬੈਂਕ ਕਿਸਾਨਾਂ ਨੂੰ ਖਾਲੀ ਚੈੱਕ ਵਾਪਸ ਕਰੇ ਪਰ ਬੈਂਕ ਵਾਲਿਆਂ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਦੱਸਿਆ ਕਿ ਉਨ੍ਹਾਂ ਕੱਲ੍ਹ ਵੀ ਬੈਂਕ ਦਾ ਘਿਰਾਓ ਕੀਤਾ ਸੀ ਪਰ ਉਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਭਰੋਸਾ ਦਵਾਇਆ ਸੀ ਕਿ ਉਹ ਬੈਂਕ ਵਾਲਿਆਂ ਨਾਲ ਗੱਲਬਾਤ ਕਰਨਗੇ ਇਸ ਤੋਂ ਬਾਅਦ ਧਰਨਾ ਖ਼ਤਮ ਕੀਤਾ ਗਿਆ ਸੀ ਪਰ ਬੈਂਕ ਵਾਲੇ ਬਿਨਾਂ ਗੱਲ ਕੀਤੇ 3 ਵਜੇ ਬੈਂਕ ਬੰਦ ਕਰ ਕੇ ਚਲੇ ਗਏ। ਇਸ ਲਈ ਉਨ੍ਹਾਂ ਅੱਜ ਫਿਰ ਬੈਂਕ ਦਾ ਘਿਰਾਓ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਧਰਨਾ ਉਨ੍ਹਾਂ ਸਮਾਂ ਜਾਰੀ ਰਹੇਗਾ ਜਿਨ੍ਹਾਂ ਸਮਾਂ ਬੈਂਕ ਕਿਸਾਨਾਂ ਨੂੰ ਖਾਲੀ ਚੈੱਕ ਵਾਪਸ ਨਹੀਂ ਕਰਦਾ।
ਇਸ ਦੌਰਾਨ ਕਿਸਾਨ ਆਗੂ ਨਛੱਤਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਵੀ ਬੈਂਕਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸਾਨਾਂ ਦੇ ਚੈੱਕ ਵਾਪਸ ਕੀਤੇ ਜਾਣ ਪਰ ਬੈਂਕ ਵਾਲੇ ਸਰਕਾਰ ਦੇ ਐਲਾਨ ਨੂੰ ਵੀ ਅੱਖੋਂ ਪਰੋਖੇ ਕਰ ਰਹੇ ਹਨ।