ਮੋਗਾ: ਕੋਰੋਨਾ ਮਹਾਂਮਾਰੀ 'ਚ ਲੌਕਡਾਊਨ ਦੌਰਾਨ ਮਸੀਹਾ ਬਣ ਕੇ ਉੱਭਰੇ ਮੋਗਾ ਦੇ ਵਸਨੀਕ ਅਦਾਕਾਰ ਸੋਨੂੰ ਸੂਦ ਨੇ ਇੱਕ ਹੋਰ ਵਿਲੱਖਣ ਉਪਰਾਲਾ ਕਰਕੇ ਲੋਕਾਂ ਦੇ ਦਿਲਾਂ ਵਿੱਚ ਆਪਣੇ ਲਈ ਖਾਸ ਥਾਂ ਬਣਾ ਲਈ ਹੈ। ਸੋਨੂੰ ਸੂਦ ਬੇਰੁਜ਼ਗਾਰੀ ਖ਼ਤਮ ਕਰਨ ਲਈ ਸ਼ੁੱਕਰਵਾਰ ਦੇ ਦਿਨ ਮੋਗਾ ਪਹੁੰਚੇ ਅਤੇ ਇਸੇ ਤਹਿਤ ਉਨ੍ਹਾਂ ਨੇ ਅੱਠ ਜ਼ਰੂਰਤਮੰਦ ਲੋਕਾਂ ਨੂੰ ਈ-ਰਿਕਸ਼ਾ ਭੇਂਟ ਕੀਤੀਆਂ।
ਇਸ ਦੇ ਨਾਲ ਹੀ ਮੀਡੀਆ ਦੇ ਜ਼ਰੀਏ ਸੋਨੂ ਸੂਦ ਨੇ ਕਿਹਾ ਕਿ ਉਹ ਦੇਸ਼ ਭਰ ਵਿੱਚ ਡੇਢ ਸੌ ਤੋਂ ਵੱਧ ਲੋਕਾਂ ਨੂੰ ਈ ਰਿਕਸ਼ਾ ਭੇਟ ਕਰਨਗੇ ਤਾਂ ਕਿ ਵੱਧ ਤੋਂ ਵੱਧ ਲੋਕ ਰੁਜ਼ਗਾਰ ਹਾਸਲ ਕਰ ਸਕਣ। ਇਸ ਮੌਕੇ ਸੋਨੂੰ ਸੂਦ ਨਾਲ ਉਨ੍ਹਾਂ ਦੀ ਭੈਣ ਮਾਲਵਿਕਾ ਸੱਚਰ ਅਤੇ ਜੀਜਾ ਗੌਤਮ ਸੱਚਰ ਵੀ ਮੌਜੂਦ ਸਨ।
ਈਟੀਵੀ ਭਾਰਤ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਫਿਲਮੀ ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਪੱਧਰ ਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਦੀ ਪ੍ਰੇਰਨਾ ਉਨ੍ਹਾਂ ਨੂੰ ਆਪਣੇ ਮਾਤਾ ਪਿਤਾ ਤੋਂ ਮਿਲੀ ਹੈ।
ਇਸ ਦੇ ਚੱਲਦੇ ਹੀ ਉਨ੍ਹਾਂ ਨੂੰ ਦੇਖ ਕੇ ਉਸ ਦੀ ਭੈਣ ਮਾਲਵਿਕਾ ਸੱਚਰ ਅਤੇ ਜੀਜਾ ਗੌਤਮ ਸੱਚਰ ਵੀ ਮੋਗਾ ਵਿਚ ਵਿਦਿਆਰਥੀਆਂ ਨੂੰ ਮੁਫ਼ਤ ਪੜ੍ਹਾਈ ਕਰਵਾ ਕੇ ਉਨ੍ਹਾਂ ਦੇ ਮੁਕਾਮ ਤੱਕ ਲੈ ਕੇ ਜਾ ਰਹੇ ਹਨ। ਈ ਰਿਕਸ਼ਾ ਭੇਟ ਕਰਨ ਦੇ ਨਾਲ ਨਾਲ ਅਗਾਮੀ ਸਮੇਂ ਵਿੱਚ ਉਹ ਹੋਰ ਵੀ ਅਜਿਹੇ ਉਪਰਾਲੇ ਕਰਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕੋਈ ਮਸੀਹਾ ਨਹੀਂ ਬਲਕਿ ਸਮਾਜ ਪ੍ਰਤੀ ਆਪਣਾ ਫਰਜ਼ ਅਦਾ ਕਰ ਰਹੇ ਹਨ, ਜੋ ਕਿ ਹਰ ਵਿਅਕਤੀ ਨੂੰ ਕਰਨਾ ਚਾਹੀਦਾ ਹੈ।