ਮੋਗਾ: ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਸੱਦੇ ਉੱਤੇ ਅੱਜ ਮੋਗਾ ਸ਼ਹਿਰ ਦੀਆਂ ਅਨੇਕਾਂ ਸਮਾਜਿਕ ਸੰਸਥਾਵਾਂ ਅਤੇ ਵੱਖ-ਵੱਖ ਪੈਨਸ਼ਨਰ ਜਥੇਬੰਦੀਆਂ ਵੱਲੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਪਿਛਲੇ 37 ਦਿਨ ਤੋਂ ਇਨਸਾਫ ਦੀ ਜੰਗ ਲੜ ਰਹੀਆਂ ਦੇਸ਼ ਦੀਆਂ ਮਾਣਮੱਤੀਆਂ ਧੀਆਂ ਨਾਲ ਕੀਤੇ ਅਣਮਨੁੱਖੀ ਵਿਵਹਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਬ੍ਰਿਜਭੂਸ਼ਨ ਸ਼ਰਨ ਸਿੰਘ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਨੇਚਰ ਪਾਰਕ ਮੋਗਾ ਤੋਂ ਮੇਨ ਚੌਕ ਮੋਗਾ ਤੱਕ ਇਨਸਾਫ ਮਾਰਚ ਕੀਤਾ।
ਸਰਕਾਰੀ ਗੁੰਡਾਗਰਦੀ: ਮੇਨ ਚੌਕ ਮੋਗਾ ਵਿਖੇ ਕਰੀਬ ਇੱਕ ਘੰਟਾ ਸਰਕਾਰੀ ਗੁੰਡਾਗਰਦੀ ਵਿਰੁੱਧ ਮਨੁੱਖੀ ਕੜੀ ਬਣਾ ਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਨਾਅਰਿਆਂ ਨਾਲ ਸ਼ਹਿਰ ਗੂੰਜਣ ਲਾ ਦਿੱਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਮੋਗਾ ਨੂੰ ਸੌਂਪਿਆ। ਨੇਚਰ ਪਾਰਕ ਮੋਗਾ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਅਤੇ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਕੇਂਦਰ ਸਰਕਾਰ ਉੱਤੇ ਵਰਦਿਆਂ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਭਾਜਪਾ ਦੇ ਬਾਹੂਬਲੀ ਨੇਤਾ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਉਣ ਲਈ ਪਹਿਲਵਾਨ ਬੇਟੀਆਂ ਨੂੰ ਤਿੰਨ ਮਹੀਨੇ ਸੰਘਰਸ਼ ਕਰਨ ਤੋਂ ਬਾਅਦ ਵੀ ਸੁਪਰੀਮ ਕੋਰਟ ਦਾ ਸਹਾਰਾ ਲੈਣਾ ਪਿਆ।
ਪੌਕਸੋ ਐਕਟ: ਉਨ੍ਹਾਂ ਕਿਹਾ ਕਿ ਪੌਕਸੋ ਐਕਟ ਲੱਗਣ ਦੇ ਬਾਵਜੂਦ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਉਨ੍ਹਾਂ ਨੂੰ 37 ਦਿਨਾਂ ਬਾਅਦ ਵੀ ਸੜਕਾਂ ਉੱਤੇ ਰੁਲਣਾ ਪੈ ਰਿਹਾ ਹੈ। ਉਨ੍ਹਾਂ ਬੀਤੇ ਕੱਲ ਦਿੱਲੀ ਦੀਆਂ ਸੜਕਾਂ ਉੱਤੇ ਪੁਲਿਸ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇੱਕ ਪਾਸੇ ਦੇਸ਼ ਦੀ ਨਵੀਂ ਸੰਸਦ ਦਾ ਉਦਘਾਟਨ ਹੋ ਰਿਹਾ ਸੀ ਅਤੇ ਦੂਸਰੇ ਪਾਸੇ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਭਾਜਪਾ ਸਰਕਾਰ ਖਤਰਨਾਕ ਏਜੰਡੇ ਉੱਤੇ ਕੰਮ ਕਰ ਰਹੀ ਹੈ ਅਤੇ ਦੇਸ਼ ਨੂੰ ਧਰਮ ਦੇ ਆਧਾਰ ਤੇ ਵੰਡ ਕੇ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ ਕਰ ਰਹੀ ਹੈ।
- ਸਰਬੱਤ ਦਾ ਭਲਾ ਟਰੱਸਟ ਵੱਲੋਂ ਇੱਕ ਹੋਰ ਸ਼ਲਾਘਾਯੋਗ ਉਪਰਾਲਾ, ਗੁਰੂ ਨਗਰੀ 'ਚ ਖੋਲ੍ਹਿਆ ਡੈਂਟਲ ਕਲੀਨਿਕ ਅਤੇ ਫਿਜ਼ੀਓਥੈਰੇਪੀ ਕੇਂਦਰ
- ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀਆਂ ਲਈ 13 ਕਰੋੜ ਰੁਪਏ ਦਾ ਫੰਡ ਅਲਾਟ, ਖਜ਼ਾਨਾ ਮੰਤਰੀ ਚੀਮਾ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
- ਬਠਿੰਡਾ 'ਚ ਵਨ ਰੈਂਕ ਵਨ ਪੈਂਸ਼ਨ ਲਈ ਸਾਬਕਾ ਫੌਜੀਆਂ ਨੇ ਕੱਢਿਆ ਰੋਸ ਮਾਰਚ, ਕੇਂਦਰ ਖਿਲਾਫ ਨਾਅਰੇਬਾਜ਼ੀ
ਸਰਕਾਰ ਨੂੰ ਚਿਤਾਵਨੀ: ਬੇਟੀ ਬਚਾਓ, ਬੇਟੀ ਪੜਾਓ ਦਾ ਨਾਅਰਾ ਦੇਣ ਵਾਲੇ ਪ੍ਰਧਾਨ ਮੰਤਰੀ ਦੀ ਇਸ ਮੁੱਦੇ ਉੱਤੇ ਚੁੱਪੀ ਵੱਡੇ ਸਵਾਲ ਖੜੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਪਹਿਲਾਂ ਹੀ ਖੇਡਾਂ ਵਿੱਚ ਪਛੜੇ ਹੋਏ ਸਾਡੇ ਦੇਸ਼ ਉੱਤੇ ਇਸ ਦਾ ਨਕਾਰਾਤਮਕ ਪ੍ਰਭਾਵ ਪਵੇਗਾ। ਉਨ੍ਹਾਂ ਇੱਕ ਸੁਰ ਵਿੱਚ ਦੇਸ਼ ਦੀਆਂ ਬੇਟੀਆਂ ਦੇ ਇਸ ਸੰਘਰਸ਼ ਦਾ ਸਮਰਥਨ ਕਰਦਿਆਂ ਐਲਾਨ ਕੀਤਾ ਕਿ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿ ਜੇਕਰ ਸਰਕਾਰ ਨੇ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਨਾ ਕੀਤੀ ਤਾਂ ਕਿਸਾਨ ਅੰਦੋਲਨ ਵਾਂਗ ਲੋਕ ਇੱਕਜੁਟ ਹੋ ਕੇ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੇ।