ਮੋਗਾ: ਪੰਜਾਬ 'ਚ ਆਏ ਦਿਨ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ। ਬਦਮਾਸ਼ਾਂ ਦੇ ਹੌਂਸਲੇ ਹੁਣ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਹ ਚਿੱਟੇ ਦਿਨ ਵੀ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਦੂਜੇ ਪਾਸੇ ਹੁਣ ਆਲਮ ਇਹ ਹੋ ਚੁੱਕਿਆ ਕਿ ਕਾਨੂੰਨ ਦੇ ਰਖਵਾਲੇ ਵੀ ਇੰਨ੍ਹਾਂ ਬਦਮਾਸ਼ਾਂ ਤੋਂ ਸੁਰੱਖਿਅਤ ਨਹੀਂ ਹੈ ਤੇ ਬਦਮਾਸ਼ਾਂ ਵਲੋਂ ਇੰਨ੍ਹਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਪੁਲਿਸ ਮੁਲਾਜ਼ਮ 'ਤੇ ਜਾਨਲੇਵਾ ਹਮਲਾ: ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿਥੇ ਪਿੰਡ ਲੁਹਾਰਾ ਨੇੜੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਡਿਊਟੀ ਤੋਂ ਪਰਤ ਰਹੇ ਹੈੱਡ ਕਾਂਸਟੇਬਲ ਸਤਨਾਮ ਸਿੰਘ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਦੇ ਨਾਲ ਹੀ ਜਾਂਦੇ ਸਮੇਂ ਬਦਮਾਸ਼ ਉਸ ਦੀ ਸਰਵਿਸ ਰਿਵਾਲਵਰ ਵੀ ਆਪਣੇ ਨਾਲ ਲੈ ਗਏ। ਜਿਸ ਤੋਂ ਬਾਅਦ ਰਾਹਗੀਰਾਂ ਨੇ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਹਸਪਤਾਲ ਪਹੁੰਚਾਇਆ। ਇਸ ਦੇ ਨਾਲ ਹੀ ਪੁਲਿਸ ਨੇ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ। ਇਸ ਦੇ ਨਾਲ ਹੀ ਪੁਲਿਸ ਨੇ ਆਸਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲਣ ਦੇ ਨਾਲ-ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਹੈੱਡ ਕਾਂਸਟੇਬਲ ਸਤਨਾਮ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਿੰਡ ਕਮਾਲਕੇ ਚੌਂਕੀ ਤੋਂ ਡਿਊਟੀ ਕਰ ਕੇ ਦੇਰ ਰਾਤ ਮੋਗਾ ਸਥਿਤ ਆਪਣੇ ਘਰ ਪਰਤ ਰਿਹਾ ਸੀ। ਪਿੰਡ ਲੋਹਾਰਾ ਨੇੜੇ ਉਸ ਦੀ ਕਾਰ ਦਾ ਟਾਇਰ ਪੰਕਚਰ ਹੋ ਗਿਆ। ਜਦੋਂ ਉਹ ਕਾਰ ਦਾ ਟਾਇਰ ਬਦਲ ਰਿਹਾ ਸੀ ਤਾਂ ਪਿੱਛੇ ਤੋਂ ਆਏ ਬਦਮਾਸ਼ਾਂ ਨੇ ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਉੱਥੋਂ ਲੰਘ ਰਹੇ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ। ਜਾਂਦੇ ਸਮੇਂ ਹਮਲਾਵਰ ਬੇਟੇ ਦੀ ਸਰਵਿਸ ਰਿਵਾਲਵਰ ਵੀ ਆਪਣੇ ਨਾਲ ਲੈ ਗਏ।
ਜਾਂਚ 'ਚ ਜੁਟੀ ਪੁਲਿਸ, ਗ੍ਰਿਫ਼ਤ ਤੋਂ ਦੂਰ ਬਦਮਾਸ਼: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਤਨਾਮ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ। ਅਸੀਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਪੀੜਤ ਮੁਲਾਜ਼ਮ ਵਲੋਂ ਦਿੱਤੇ ਬਿਆਨਾਂ 'ਚ ਦੱਸਿਆ ਗਿਆ ਕਿ ਕੁਝ ਬਦਮਾਸ਼ ਇਨੋਵਾ ਗੱਡੀ 'ਚ ਆਏ ਜਿੰਨ੍ਹਾਂ ਉਸ ਦੀ ਕਾਰ ਦੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਗੱਡੀ ਉਨ੍ਹਾਂ ਤੋਂ ਨਹੀਂ ਚੱਲੀ ਤਾਂ ਉਨ੍ਹਾਂ ਵਲੋਂ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ 'ਤੇ ਕਈ ਵਾਰ ਕੀਤੇ ਗਏ, ਜਿਸ ਕਾਰਨ ਉਸ ਦੇ ਸਿਰ 'ਤੇ ਕਈ ਟਾਂਕੇ ਵੀ ਲੱਗੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਮੁਲਜ਼ਮਾਂ ਦਾ ਪਤਾ ਲੱਗ ਸਕੇਗਾ।