ਮੋਗਾ: ਸਾਧਾਂ ਵਾਲੀ ਬਸਤੀ ਇਲਾਕੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਥੇ ਖਾਲੀ ਪਲਾਟ ਵਿੱਚ ਪਏ ਕਬਾੜ ਕੋਲੋ ਨੌਜਵਾਨ ਵਿਅਕਤੀ ਦੀ ਲਾਸ਼ ਮਿਲੀ। ਮ੍ਰਿਤਕ ਨੌਜਵਾਨ ਦਾ ਮੋਟਰਸਾਈਕਲ ਵੀ ਲਾਸ਼ ਨੇੜੇ ਹੀ ਮਿਲਿਆ ਹੈ। ਲਾਸ਼ ਮਿਲੇ ਜਾਣ ਦੀ ਸੂਚਨਾ ਲੋਕਾਂ ਨੇ ਪੁਲਿਸ (Dead Body found in Sadhan Wali basti Moga) ਨੂੰ ਦੇ ਦਿੱਤੀ ਹੈ।
ਬਸਤੀ ਸਾਧਾਂ ਵਾਲੀ 'ਚ ਐਤਵਾਰ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਲਾਟ 'ਚ 35 ਸਾਲਾ ਨੌਜਵਾਨ ਦੀ ਸ਼ੱਕੀ ਹਲਾਤਾਂ ਵਿੱਚ ਲਾਸ਼ ਪਈ ਮਿਲੀ। ਇਸ ਦੌਰਾਨ ਆਸਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ 'ਤੇ ਪੁਲਿਸ ਅਧਿਕਾਰੀ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਲਾਸ਼ ਕਬਾੜ ਦੇ ਖਾਲੀ ਪਏ ਪਲਾਟ ਵਿਚ ਪਈ ਮਿਲੀ, ਨਾਲ ਹੀ ਮੋਟਰਸਾਈਕਲ ਵੀ ਖੜਾ ਮਿਲਿਆ।
ਉੱਥੇ ਹੀ ਦੂਜੇ ਪਾਸੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਨੌਜਵਾਨ ਦੇ ਮਾਸੀ ਦੇ ਮੁੰਡੇ ਸੰਨੀ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦਾ ਨਾਮ ਰੋਹਿਤ ਹੈ, ਜੋ ਕਿ ਮੇਰੀ ਮਾਸੀ ਦਾ ਮੁੰਡਾ ਹੈ ਅਤੇ ਉਹ ਸਾਡੇ ਕੋਲ ਹੀ ਰਹਿੰਦਾ ਸੀ। ਉਹ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਉਹ ਮੋਗਾ ਵਿੱਚ ਕੰਮਕਾਰ ਕਰਦਾ ਸੀ। ਸੰਨੀ ਨੇ ਦੱਸਿਆ ਕਿ ਉਹ ਕੱਲ੍ਹ ਰਾਤ ਮੇਰਾ ਮੋਟਰਸਾਈਕਲ ਲੈ ਕੇ ਗਿਆ ਸੀ।
ਸੰਨੀ ਨੇ ਕਿਹਾ ਕਿ ਸਾਨੂੰ ਸਵੇਰੇ ਥਾਣਾ ਸਿਟੀ ਸਾਊਥ ਵਿਚੋਂ ਫੋਨ ਆਇਆ ਕਿ ਤੁਹਾਡਾ ਲੜਕਾ ਜੋ ਕਿ ਸਾਧਾਂਵਾਲੀ ਬਸਤੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਪਾਇਆ ਗਿਆ ਹੈ। ਮ੍ਰਿਤਕ ਨੌਜਵਾਨ ਦੇ ਭਰਾ ਨੇ ਕਿਹਾ ਕਿ ਰੋਹਿਤ ਪਿਛਲੇ ਲੰਮੇ ਸਮੇਂ ਤੋਂ ਜਿਮ ਵਿੱਚ ਲੱਗਾ ਹੋਇਆ ਸੀ। ਅਸੀਂ ਹੁਣ ਬਠਿੰਡਾ ਵਿਚ ਆਪਣੀ ਮਾਸੀ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਆ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਮੋਗਾ ਸਿਟੀ ਸਾਊਥ ਦੇ ਐਸਐਚਓ ਲਛਮਣ ਸਿੰਘ ਨੇ ਕਿਹਾ ਕਿ ਸਾਨੂੰ ਸਾਧਾਂਵਾਲੀ ਬਸਤੀ ਵਿਚੋਂ ਫੋਨ ਆਇਆ ਸੀ ਕਿ ਇਕ ਅਣਪਛਾਤੀ ਲਾਸ਼ ਮਿਲੀ ਹੈ, ਜੋ ਕਿ ਕਬਾੜ ਦੇ ਢੇਰ ਕੋਲ ਪਈ ਹੈ। ਇਸ ਤੋਂ ਬਾਅਦ ਮੌਕੇ 'ਤੇ ਪੁਲਸ ਪਾਰਟੀ ਨੂੰ ਨਾਲ ਲਿਜਾ ਕੇ ਦੇਖਿਆ ਤਾਂ ਉਥੇ ਇਕ ਲਾਵਾਰਸ ਲਾਸ਼ ਪਈ ਹੋਈ ਮਿਲੀ ਅਤੇ ਨਾਲ ਉਸ ਦੇ ਇਕ ਮੋਟਰਸਾਈਕਲ ਵੀ ਖੜ੍ਹਾ ਮਿਲਿਆ।
ਮੋਟਰਸਾਈਕਲ ਵਿਚ ਆਰਸੀ ਤੋਂ ਚੈੱਕ ਕਰਕੇ ਵਾਰਸਾਂ ਦੇ ਨਾਲ ਰਾਬਤਾ ਕੀਤਾ ਤਾਂ ਪਤਾ ਲੱਗਾ ਕਿ ਮ੍ਰਿਤਕ ਨੌਜਵਾਨ ਦਾ ਨਾਮ ਰੋਹਿਤ ਹੈ ਅਤੇ ਉਹ ਮੋਗਾ ਵਿੱਚ ਆਪਣੀ ਮਾਸੀ ਦੇ ਘਰ ਚੜਿੱਕ ਰੋਡ 'ਤੇ ਰਹਿੰਦਾ ਸੀ। ਐਸਐਚਓ ਨੇ ਦੱਸਿਆ ਕਿ ਉਹ ਬਠਿੰਡਾ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ ਦੇ ਪੋਸਟਮਾਰਟਮ ਲਈ ਰੱਖਵਾ ਦਿੱਤਾ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਗੈਂਗਸਟਰ ਦੀਪਕ ਮੁੰਡੀ ਮਾਨਸਾ ਅਦਾਲਤ ਵਿਚ ਪੇਸ਼, ਸੱਤ ਦਿਨ ਦਾ ਮਿਲਿਆ ਰਿਮਾਂਡ