ਮੋਗਾ : ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਡਗਰੂ ਚੇ ਇੱਕ ਕਿਸਾਨ ਦੇ 26 ਕਿੱਲੇ ਗਲਤ ਦਵਾਈ ਛਿੜਕਣ ਨਾਲ ਪ੍ਰਭਾਵਿਤ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਕਿਸਾਨਾਂ ਲਖਬੀਰ ਸਿੰਘ ਅਤੇ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁੱਲੀ ਡੰਡੇ ਨੂੰ ਨਸ਼ਟ ਕਰਨ ਵਾਲੀ ਦਵਾਈ ਮੋਗਾ ਦੇ ਦੁਸਾਂਝ ਪਿੰਡ ਦੇ ਡਿਸਟ੍ਰੀਬਿਊਟਰ ਰਾਹੀਂ ਪਿੰਡ ਚੜਿੱਕ ਦੇ ਦੁਕਾਨਦਾਰ ਤੋਂ ਖਰੀਦੀ ਸੀ। ਉਸ ਨੇ ਦੱਸਿਆ ਕਿ ਜਦੋਂ ਫਸਲ ਉਤੇ ਸਪ੍ਰੇਅ ਕੀਤੀ ਤਾਂ ਇਸ ਦਵਾਈ ਨੇ ਗੁੱਲੀ ਡੰਡੇ ਉਤੇ ਅਸਰ ਤਾਂ ਕੀ ਕਰਨਾ ਸੀ ਸਗੋਂ ਉਸ ਦੀ 26 ਕਿਲਿਆਂ ਕਣਕ ਦੀ ਫਸਲ ਨਸ਼ਟ ਕਰ ਦਿੱਤੀ।
ਪੀੜਤ ਕਿਸਾਨ ਦਾ ਕਹਿਣਾ ਹੈ ਕਿ ਦਵਾਈ ਰਾਹੀਂ ਮਚੀ ਹੋਈ ਕਣਕ ਸਬੰਧੀ ਦੁਕਾਨਦਾਰ ਅਤੇ ਡਿਸਟ੍ਰੀਬਿਊਟਰ ਨੂੰ ਦੱਸਿਆ ਪਰ ਉਨ੍ਹਾਂ ਵੱਲੋਂ ਟਾਲ ਮਟੋਲ ਕੀਤਾ ਜਾ ਰਿਹਾ ਹੈ। ਕਿਸਾਨ ਕਿਹਾ ਕਿ ਇਸ ਸਬੰਧੀ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਗਈ ਪਰ ਡੀਸੀ ਨੇ ਵੀ ਹਾਲੇ ਤੱਕ ਕੋਈ ਹਾਲ ਨਹੀਂ ਜਾਣਿਆ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਅਤੇ ਮੋਹਤਬਰ ਬੰਦਿਆਂ ਨੂੰ ਜਾਣਕਾਰੀ ਦਿਤੀ ਤੇ ਅੱਜ ਜਦੋਂ ਪੰਚਾਇਤ ਮੈਂਬਰਾਂ ਅਤੇ ਕਿਰਤੀ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਪਿੰਡ ਵਿੱਚ ਚੜਿੱਕ ਦੇ ਦਵਾਈਆਂ ਦੀ ਦੁਕਾਨ 'ਤੇ ਗਏ ਪਰ ਉਥੇ ਉਹ ਦੁਕਾਨਦਾਰ ਆਪਣੀ ਦੁਕਾਨ ਬੰਦ ਕਰ ਕੇ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਐਕਸ਼ਨ ਮੋਡ ਵਿੱਚ ਟਰਾਂਸਪੋਰਟ ਮੰਤਰੀ, ਬੱਸ ਸਟੈਂਡ ਉੱਤੇ ਚੈਕਿੰਗ, ਬੱਸਾਂ ਦੇ ਚਲਾਨ ਕੱਟਣ ਦੇ ਦਿੱਤੇ ਹੁਕਮ
ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧੀ ਦੁਕਾਨਦਾਰ ਨੂੰ ਫੋਨ ਲਗਾਇਆ ਤਾਂ ਅੱਗੋਂ ਦੁਕਾਨਦਾਰ ਸਾਨੂੰ ਰਾਜਨੀਤਕ ਆਗੂਆਂ ਦਾ ਦਬਾਅ ਪਾ ਰਿਹਾ ਹੈ। ਇਸ ਸਬੰਧੀ ਕਿਸਾਨ ਲਖਬੀਰ ਸਿੰਘ ਨੇ ਦੱਸਿਆ ਕਿ ਅਸੀਂ ਪਿੰਡ ਦੁਸਾਂਝ ਵਿਖੇ ਡਿਸਟ੍ਰੀਬਿਊਟਰ ਦੇ ਘਰ ਗਏ ਤਾਂ ਉਹ ਆਪਣਾ ਫ਼ੋਨ ਬੰਦ ਕਰ ਕੇ ਘਰੋਂ ਫ਼ਰਾਰ ਹੋ ਚੁੱਕਿਆ ਸੀ । ਉੱਥੇ ਹੀ ਦੂਜੇ ਪਾਸੇ ਪੀੜਤ ਕਿਸਾਨ ਸੁਖਮੰਦਰ ਸਿੰਘ ਨੇ ਦੱਸਿਆ ਤੇ ਅਸੀਂ 26 ਕਿੱਲੇ ਜ਼ਮੀਨ ਦੇ ਵਿੱਚ ਕਣਕ ਬੀਜੀ ਸੀ ਜਿਸ ਵਿੱਚੋਂ 16 ਕਿੱਲੇ ਜ਼ਮੀਨ ਦੇ ਠੇਕੇ ਉਤੇ ਲਈ ਹੋਈ ਹੈ ਅਤੇ ਇਸ ਜ਼ਮੀਨ ਦਾ ਸਾਰਾ ਠੇਕਾ ਉਨ੍ਹਾਂ ਨੂੰ ਪੈ ਗਿਆ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਨੁਕਸਾਨ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ।
ਉਥੇ ਦੂਜੇ ਪਾਸੇ ਪੰਚਾਇਤ ਮੈਂਬਰ ਸਤਪਾਲ ਸਿੰਘ ਨੇ ਕਿਹਾ ਕਿ ਆਏ ਦਿਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਤਾਜ਼ਾ ਮਾਮਲਾ ਦੇਖਣ ਨੂੰ ਮਿਲਿਆ ਮੋਗਾ ਦੇ ਪਿੰਡ ਡਗਰੂ ਵਿੱਚ ਜਿੱਥੇ ਦੋ ਸਕੇ ਭਰਾਵਾਂ ਦੀ 26 ਕਿਲਿਆਂ ਦੀ ਕਣਕ ਦੀ ਫਸਲ ਗਲਤ ਸਪ੍ਰੇਅ ਕਰਨ ਦੇ ਨਾਲ ਸੜ ਕੇ ਨਸ਼ਟ ਹੋ ਗਈ ਹੈ।