ਮੋਗਾ: ਇੱਕ ਪਾਸੇ ਪੰਜਾਬ 'ਚ ਖ਼ਰਾਬ ਮੌਸਮ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਜਿਸ ਕਾਰਨ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪਰ ਦੂਜੇ ਪਾਸੇ ਕੇਂਦਰ ਸਰਕਾਰ ਨੇ ਫਸਲ ਦੇ ਟੁੱਟੇ ਤੇ ਸੁੰਗੜੇ ਹੋਏ ਦਾਣਿਆਂ 'ਤੇ ਕਟੌਤੀ ਲਗਾ ਦਿੱਤੀ ਹੈ। ਜਿਸ ਸਬੰਧੀ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹਿੱਤ 'ਚ ਐਲਾਨ ਕੀਤਾ ਹੈ ਕਿ ਜੋ ਕਣਕ ਦੀਆਂ ਕੀਮਤਾਂ ਵਿੱਚ ਕੇਂਦਰ ਸਰਕਾਰ ਨੇ ਕਟੌਤੀ ਕੀਤੀ ਹੈ, ਉਹ ਪੰਜਾਬ ਸਰਕਾਰ ਮੁਆਵਜ਼ਾ ਦੇਵੇਗੀ।
ਕੇਂਦਰ ਨੇ ਕਣਕ ਦੀਆਂ ਕੀਮਤਾਂ ਵਿੱਚ ਕਟੌਤੀ ਕਰਕੇ ਗਲਤ ਕੀਤਾ: ਦੂਜੇ ਪਾਸੇ ਮੋਗਾ ਦੀ ਮੰਡੀ ਵਿੱਚ ਆਪਣੀ ਫਸਲ ਲੈ ਕੇ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਚੰਗਾ ਹੈ, ਪੰਜਾਬ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇਗੀ। ਪਰ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਸੀ। ਕਿਸਾਨਾਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਮੌਸਮ ਦੀ ਮਾਰ ਝੱਲ ਰਹੇ ਹਨ ਅਤੇ ਦੂਜਾ ਕੇਂਦਰ ਨੇ ਕਣਕ ਦੀਆਂ ਕੀਮਤਾਂ ਵਿੱਚ ਕਟੌਤੀ ਕਰਕੇ ਗਲਤ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਕਦੋਂ ਮਿਲੇਗਾ:- ਦੂਜੇ ਪਾਸੇ ਕੁੱਝ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦੇਣ ਐਲਾਨ ਤਾਂ ਹੋ ਗਿਆ ਹੈ। ਪਰ ਇਹ ਮੁਆਵਜ਼ਾ ਕਦੋਂ ਮਿਲਦਾ ਹੈ, ਇਹ ਸਮਾਂ ਹੀ ਦੱਸੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫ਼ਸਲ ਦਾ ਰੇਟ ਅਜੇ ਤੱਕ ਮੰਡੀ ਵਿਚ ਨਹੀਂ ਲਿਖਿਆ ਜਾ ਰਿਹਾ ਅਤੇ ਫਸਲ ਮੰਡੀ ਵਿੱਚ ਆ ਚੁੱਕੀ ਹੈ, ਪਰ ਅਜੇ ਤੱਕ ਕਈ ਕਿਸਾਨਾਂ ਦੀ ਗਿਰਦਾਵਰੀ ਨਹੀਂ ਹੋਈ। ਕਿਸਾਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਸਮੇਂ ਸਿਰ ਮੁਆਵਜ਼ਾ ਨਾ ਮਿਲਿਆ ਤਾਂ ਉਹਨਾਂ ਨੂੰ ਬਹੁਤ ਤੰਗੀ ਦਾ ਸਾਹਮਣਾ ਕਰਨਾ ਪਵੇਗਾ ਤੇ ਅਗਲੀ ਫਸਲ ਦੀ ਬਿਜਾਈ ਵੀ ਲੇਟ ਹੋ ਜਾਵੇਗੀ।
ਕੇਂਦਰ ਖੁਦਕੁਸ਼ੀਆਂ ਕਰਨ ਲਈ ਕਰ ਰਹੀ ਮਜ਼ਬੂਰ: ਉੱਥੇ ਹੀ ਕਿਸਾਨ ਮਹਿਤਾਬ ਸਿੰਘ ਦਾ ਕਹਿਣਾ ਸੀ ਕਿ ਉਹ ਮੰਡੀ ਵਿੱਚ 14 ਕਿੱਲਿਆਂ ਦੀ ਕਣਕ ਦੀ ਫਸਲ ਲੈ ਕੇ ਆਇਆ ਹਾਂ। ਕਿਸਾਨਾਂ ਦੀਆਂ ਫਸਲਾਂ ਤਾਂ ਪਹਿਲਾ ਹੀ ਬੇ-ਮੌਸਮੀ ਬਾਰਿਸ਼ ਕਰਕੇ ਖ਼ਰਾਬ ਹੋ ਗਈਆਂ ਹਨ, ਉਪਰੋਂ ਕੇਂਦਰ ਸਰਕਾਰ ਨੇ ਫਸਲ ਦੇ ਟੁੱਟੇ ਅਤੇ ਸੁਗੜੇ ਹੋਏ ਦਾਣਿਆਂ ਉੱਤੇ ਕਟੌਤੀ ਲਗਾ ਕੇ ਕਿਸਾਨਾਂ ਨਾਲ ਧੱਕਾ ਕੀਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦਾ ਤਾਂ ਪਹਿਲਾ ਹੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਅਤੇ ਹੁਣ ਕੇਂਦਰ ਸਰਕਾਰ ਫਸਲ ਉੱਤੇ ਕਟੌਤੀ ਕਰਕੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰ ਰਹੀ ਹੈ।
ਇਹ ਵੀ ਪੜੋ: Farmers Protest: ਕਣਕ ਦੇ ਭਾਅ ਵਿੱਚ ਕਟੌਤੀ ਨੂੰ ਲੈ ਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ